ਸੰਗਰੂਰ, 20 ਨਵੰਬਰ (ਧੀਰਜ ਪਸ਼ੌਰੀਆ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਪਿੰਡਾਂ 'ਚੋਂ ਕਿਸਾਨ ਆਗੂ ਸ਼ਾਮਲ ਹੋਏ | ਕਿਸਾਨੀ ਮੁੱਦਿਆਂ ਤੇ ਵਿਚਾਰਾਂ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਕਿਸਾਨ ਅੰਦੋਲਨ ਦੀ ਵਰ੍ਹੇਗੰਢ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਮਨਾਈ ਜਾਵੇਗੀ ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਲ ਹੋਣਗੇ | ਝੋਨੇ ਦੇ ਸੀਜ਼ਨ ਦੌਰਾਨ ਜੋ ਕਿ ਸਰਕਾਰ ਨੇ ਕਿਸਾਨਾਂ ਨੂੰ ਸਬਸਿਡੀ ਤੇ ਮਸ਼ੀਨਰੀ ਮੁਹੱਈਆ ਕਰਵਾਉਣ ਦੇ ਵਾਅਦੇ ਕੀਤੇ ਸਨ ਉਸ ਮੁਤਾਬਿਕ ਉਹ ਵਾਅਦੇ ਪੂਰੇ ਨਹੀਂ ਹੋਏ | ਮਜਬੂਰੀ ਕਾਰਨ ਕੁਝ ਕਿਸਾਨਾਂ ਨੂੰ ਅੱਗ ਲਾਉਣੀ ਪਈ ਜਿਸ ਕਰ ਕੇ ਪ੍ਰਸ਼ਾਸਨ ਨੇ ਉਨ੍ਹਾਂ ਕਿਸਾਨਾਂ ਨੂੰ ਜੁਰਮਾਨੇ ਲਗਾ ਦਿੱਤੇ ਅਤੇ ਉਨ੍ਹਾਂ ਖ਼ਿਲਾਫ਼ ਕੇਸ ਬਣਾ ਦਿਤੇ ਜੋ ਕਿ ਕਿਸਾਨਾਂ ਨਾਲ ਸ਼ਰੇਆਮ ਧੱਕਾ ਹੈ, ਇਸ ਦਾ ਜਥੇਬੰਦੀ ਡੱਟ ਕੇ ਵਿਰੋਧ ਕਰਦੀ ਹੈ ਇਨ੍ਹਾਂ ਧੱਕਿਆ ਦੇ ਖ਼ਿਲਾਫ਼ ਜਥੇਬੰਦੀ ਵੱਡੀ ਲੜਾਈ ਲੜੇਗੀ | ਗੁਰਜੀਤ ਸਿੰਘ ਭੜੀ ਮਾਨਸਾ ਜ਼ਿਲ੍ਹਾ ਸੀ:ਮੀਤ ਪ੍ਰਧਾਨ ਨੇ ਦੱਸਿਆ ਕਿ ਧੂਰੀ ਮੰਡੀ ਵਿਚ ਝੋਨਾ ਪਿਆ ਹੈ ਸਰਕਾਰ ਨੇ ਸਰਕਾਰੀ ਖ਼ਰੀਦ ਬੰਦ ਕਰ ਦਿੱਤੀ ਹੈ, ਮੀਟਿੰਗ ਵਿਚ ਮੰਗ ਕੀਤੀ ਗਈ ਕਿ ਮੰਡੀ ਵਿਚ ਪਿਆ ਝੋਨਾ ਸਰਕਾਰੀ ਖ਼ਰੀਦ ਤੇ ਖ਼ਰੀਦਿਆ ਜਾਵੇ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ, ਦਰਸ਼ਨ ਕੁਮਾਰ ਲਿੱਦੜਾਂ ਜ਼ਿਲ੍ਹਾ ਮੀਤ ਪ੍ਰਧਾਨ,ਰੋਹੀ ਸਿੰਘ ਤੇ ਗੁਰਜੰਟ ਸਿੰਘ ਮੰਗਵਾਲ, ਮਲਕੀਤ ਸਿੰਘ ਲਖਵੀਰ ਵਾਲਾ, ਬਲਵਿੰਦਰ ਸਿੰਘ ਜੱਖਲਾ, ਗੁਰਮੇਲ ਸਿੰਘ ਗਦੜਿਆਣੀ, ਕੁਲਵਿੰਦਰ ਸਿੰਘ ਮਾਝਾ, ਮਨਜਿੰਦਰ ਸਿੰਘ ਘਾਬਦਾ, ਅਮਰਜੀਤ ਸਿੰਘ ਖਨਾਲ ਕਲਾ, ਪ੍ਰੀਤਮ ਸਿੰਘ ਬਾਦਸ਼ਾਹਪੁਰ, ਜਸਵਿੰਦਰ ਸਿੰਘ ਚੰਗਾਲ, ਗੁਰਚਰਨ ਸਿੰਘ ਭਿੰਡਰਾਂ, ਯਾਦਵਿੰਦਰ ਸਿੰਘ ਘਰਾਚੋਂ, ਸੀਤਲ ਸਿੰਘ, ਸੁਖਵਿੰਦਰ ਸਿੰਘ ਕਪਿਆਲ ਮੌਜੂਦ ਸਨ |