ਟੱਲੇਵਾਲ, 20 ਨਵੰਬਰ (ਸੋਨੀ ਚੀਮਾ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਇਤਿਹਾਸਕ ਪਿੰਡ ਗਹਿਲ ਵਿਖੇ ਭਾਰਤਮਾਲਾ ਪ੍ਰੋਜੈਕਟ ਤਹਿਤ ਬਣ ਰਹੇ ਰੋਡ ਦਾ ਕੰਮ ਕਿਸਾਨਾਂ ਦੀਆਂ ਅਹਿਮ ਮੰਗਾਂ ਅਜੇ ਤੱਕ ਪੂਰੀਆਂ ਨਾ ਹੋਣ ਕਾਰਨ ਕਿਸਾਨਾਂ ਵਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਕੰਮ ਨੂੰ ਰੋਕਿਆ ਗਿਆ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਜੱਜ ਸਿੰਘ ਗਹਿਲ, ਇਕਾਈ ਪ੍ਰਧਾਨ ਜੋਗਿੰਦਰ ਸਿੰਘ ਗਹਿਲ, ਮੀਤ ਪ੍ਰਧਾਨ ਮਨਜੀਤ ਸਿੰਘ, ਕਮੇਟੀ ਮੈਂਬਰ ਬਲਦੇਵ ਸਿੰਘ, ਗੁਰਮੇਲ ਸਿੰਘ ਤੇ ਰਾਮ ਸਿੰਘ ਨੇ ਕਿਹਾ ਕਿ ਜਿੰਨਾ ਕਿਸਾਨਾਂ ਦੀਆਂ ਜ਼ਮੀਨਾਂ ਦੇ ਨਾਲ ਲੱਗਦੀਆਂ ਮੋਟਰਾਂ ਰੋਡ ਦੀ ਲਾਈਨ ਵਿਚ ਆ ਰਹੀਆਂ ਹਨ, ਉਨ੍ਹਾਂ ਮੋਟਰਾਂ ਦੀ ਸੁਰੱਖਿਅਤ ਸਿਫ਼ਟਿੰਗ ਕੀਤਿਆਂ ਬਿਨਾਂ ਰੋਡ ਦਾ ਕੰਮ ਸ਼ੁਰੂ ਨਹੀਂ ਹੋਣ ਦੇਵਾਂਗੇ | ਕਿਸਾਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਾਵਰਕਾਮ ਦੇ ਐਸ.ਡੀ.ਓ. ਨੂੰ ਸਪਸ਼ਟ ਕਹਿਆ ਗਿਆ ਹੈ ਕਿ ਕਿਸਾਨਾਂ ਦੀਆਂ ਮੋਟਰਾਂ ਨੂੰ ਨਵੀਂ ਥਾਂ 'ਤੇ ਸ਼ਿਫ਼ਟ ਕਰਨ ਲਈ ਸਾਰਾ ਖਰਚਾ ਸਰਕਾਰ ਅਤੇ ਰੋਡ ਕੰਪਨੀ ਆਪਣੇ ਪੱਧਰ 'ਤੇ ਚੁੱਕਣ, ਕਿਉਂਕਿ ਕਿਸਾਨਾਂ ਦੀ ਰੋਡ ਲਈ ਆਪਣੀਆਂ ਮੋਟਰਾਂ ਹਿਲਾਉਣ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ | ਕਿਸਾਨਾਂ ਨੇ ਕਿਹਾ ਕਿ ਸਰਕਾਰ ਦੇ ਇਸ ਪ੍ਰੋਜੈਕਟ ਦੀ ਜ਼ਰੂਰਤ ਸਰਕਾਰ ਨੂੰ ਹੈ | ਇਸ ਲਈ ਸਾਰੀ ਤਬਦੀਲੀ ਦਾ ਆਰਥਿਕ ਬੋਝ ਕਿਸਾਨਾਂ ਉੱਤੇ ਨਹੀਂ ਪੈਣਾ ਚਾਹੀਦਾ | ਆਗੂਆਂ ਨੇ ਇਹ ਵੀ ਜ਼ੋਰ ਦੇ ਨਾਲ ਕਿਹਾ ਕਿ ਰੋਡ ਦੀ ਬਣਤ ਕਾਰਨ ਦੋਵੇਂ ਪਾਸੇ ਕੁਦਰਤੀ ਪਾਣੀ ਦੇ ਰਸਤੇ ਬੰਦ ਹੋ ਰਹੇ ਹਨ, ਜਿਸ ਨਾਲ 23 ਕਿਸਾਨਾਂ ਦੇ ਖੇਤਾਂ ਨੂੰ ਪਾਣੀ ਲੰਘਾਉਣ ਦਾ ਪੂਰਾ ਪ੍ਰਬੰਧ ਕਰਨਾ ਲਾਜ਼ਮੀ ਹੈ | ਇਸ ਲਈ ਰੋਡ ਦੇ ਦੋਵੇਂ ਪਾਸਿਆਂ ਮਜ਼ਬੂਤ ਪੁਲੀਆਂ ਪਹਿਲ ਦੇ ਆਧਾਰ 'ਤੇ ਦੱਬੀਆਂ ਜਾਣ, ਤਾਂ ਜੋ ਕਿਸੇ ਵੀ ਕਿਸਾਨ ਦੀ ਸਿੰਚਾਈ ਪ੍ਰਭਾਵਿਤ ਨਾ ਹੋਵੇ | ਉਨ੍ਹਾਂ ਕਿਹਾ ਕਿ ਜੇ ਰੋਡ ਬਣਾਉਣ ਤੋਂ ਬਾਅਦ ਪਾਣੀ ਦਾ ਨਿਕਾਸ ਬੰਦ ਹੋਇਆ ਤਾਂ ਇਹ ਕਿਸਾਨਾਂ ਲਈ ਵਿਨਾਸ਼ਕਾਰੀ ਸਾਬਤ ਹੋਵੇਗਾ |ਆਗੂਆਂ ਨੇ ਕਿਹਾ ਕਿ ਮੋਟਰਾਂ ਅਤੇ ਪਾਣੀ ਲੰਘਣ ਵਾਲੀਆਂ ਪੁਲੀਆਂ ਦੀਆਂ ਲਿਸਟਾਂ ਬਿਲਕੁਲ ਸਹੀ ਤਰ੍ਹਾਂ ਤਿਆਰ ਕਰ ਕੇ ਅਥਾਰਿਟੀ ਨੂੰ ਭੇਜੀਆਂ ਜਾ ਚੁੱਕੀਆਂ ਹਨ | ਉਨ੍ਹਾਂ ਫਿਰ ਸਪਸ਼ਟ ਕੀਤਾ ਕਿ ਸੋਨੰੂ ਨਾਂ ਦੇ ਕਿਸੇ ਵੀ ਵਿਅਕਤੀ ਦਾ ਨਾਂ ਲਿਸਟ ਵਿਚ ਨਹੀਂ ਹੈ, ਇਹ ਮਹਿਜ਼ ਗ਼ਲਤਫ਼ਹਿਮੀ ਹੈ | ਇਸ ਮੌਕੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਤੇ ਇਕਾਈ ਪ੍ਰਧਾਨ ਜੋਗਿੰਦਰ ਸਿੰਘ ਗਹਿਲ ਨੇ ਕਿਹਾ ਕਿ ਜੇਕਰ ਅਧਿਕਾਰੀ ਮੌਕੇ 'ਤੇ ਆ ਕੇ ਲਿਖਤੀ ਭਰੋਸਾ ਨਹੀਂ ਦਿੰਦੇ, ਤਾਂ ਕਿਸਾਨਾਂ ਵੱਲੋਂ ਰੋਡ ਦਾ ਕੰਮ ਕਦੇ ਵੀ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਿੰਚਾਈ ਤੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਸਭ ਤੋਂ ਪਹਿਲਾਂ, ਰੋਡ ਬਾਅਦ ਵਿਚ | ਖ਼ਬਰ ਲਿਖੇ ਜਾਣ ਤੱਕ ਜਥੇਬੰਦੀ ਦੇ ਆਗੂਆਂ ਤੇ ਅਧਿਕਾਰੀਆਂ ਵਿਚਕਾਰ ਮਸਲੇ ਨੂੰ ਸੁਲਝਾਉਣ ਲਈ ਗੱਲਬਾਤ ਚੱਲ ਰਹੀ ਸੀ |