ਮਹਿਲ ਕਲਾਂ, 18 ਨਵੰਬਰ (ਅਵਤਾਰ ਸਿੰਘ ਅਣਖੀ)-ਕਹਿਰ ਦੀ ਮਹਿੰਗਾਈ ਉੱਪਰੋਂ ਕੰਮ ਨਾ ਮਿਲਣ ਕਰ ਕੇ ਮਜ਼ਦੂਰ ਪਰਿਵਾਰਾਂ ਦੇ ਚੱੁਲ੍ਹੇ ਠੰਢੇ ਹੋ ਕੇ ਰਹਿ ਗਏ ਹਨ | ਇਹ ਪ੍ਰਗਟਾਵਾ ਬਸਪਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਮੂੰਮ ਨੇ ਇੱਥੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਦੇ ਸੂਬਾਈ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਐਮ.ਪੀ. ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਭਰ ਅੰਦਰ 'ਪੰਜਾਬ ਸੰਭਾਲੋ' ਮੁਹਿੰਮ ਤਹਿਤ ਲੋਕਾਂ ਨੂੰ ਲਾਮਬੰਦ ਕਰ ਕੇ ਨਸ਼ਿਆਂ ਅਤੇ ਹੋਰ ਸਮਾਜਿਕ ਅਲਾਮਤਾਂ ਦੇ ਖ਼ਾਤਮੇ ਅਤੇ ਪਰਿਵਾਰਾਂ ਸਮੇਤ ਬਸਪਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਬਸਪਾ ਆਗੂ ਮੂੰਮ ਨੇ ਆਪ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੇ ਪਛੜੇ ਵਰਗਾਂ ਨੂੰ ਸਬਜ਼ਬਾਗ ਵਿਖਾ ਕੇ ਵੋਟਾਂ ਲੈਣ ਉਪਰੰਤ ਕੀਤੇ ਵਾਅਦੇ ਅਨੁਸਾਰ ਸਾਢੇ ਤਿੰਨ ਸਾਲ ਬੀਤ ਜਾਣ 'ਤੇ ਵੀ ਕੋਈ ਵੀ ਸਹੂਲਤ ਦੇਣ ਤੋਂ ਪਾਸਾ ਵੱਟ ਲਿਆ ਹੈ | ਔਰਤਾਂ ਦੇ ਖਾਤਿਆਂ 'ਚ ਇਕ ਹਜ਼ਾਰ ਪ੍ਰਤੀ ਮਹੀਨਾ ਦੇਣ ਵਾਅਦੇ ਅਨੁਸਾਰ ਅੱਜ ਤੱਕ ਇਕ ਧੇਲਾ ਵੀ ਨਹੀਂ ਪਾਇਆ | ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਲੋਕਾਂ ਨੂੰ ਡੰਡੇ ਨਾਲ ਦਬਾਉਣ ਦਾ ਭਰਮ ਪਾਲਿਆ ਜਾ ਰਿਹਾ | ਉਨ੍ਹਾਂ ਕਿਹਾ ਕਿ ਆਪ ਸਰਕਾਰ ਨੂੰ ਮਜ਼ਦੂਰ ਵਰਗ ਨਾਲ ਕੀਤੇ ਅਨਿਆਂ ਦਾ ਖ਼ਮਿਆਜ਼ਾ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਭੁਗਤਣਾ ਪਵੇਗਾ | ਉਨ੍ਹਾਂ ਹਰ ਵਰਗ ਦੇ ਸਮੂਹ ਲੋਕਾਂ ਨੂੰ ਬਸਪਾ ਦੇ ਮੁੱਖ ਧੁਰੇ ਨਾਲ ਜੁੜਨ ਦੀ ਅਪੀਲ ਕਰਦਿਆਂ ਦੱਸਿਆ ਕਿ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਖੇੜੀ, ਹਲਕਾ ਕੁਆਰਡੀਨੇਟਰ ਹਰਬੰਸ ਸਿੰਘ ਛੀਨੀਵਾਲ ਖੁਰਦ, ਪ੍ਰੇਮ ਸਿੰਘ ਸੱਦੋਵਾਲ, ਸੋਮਾ ਸਿੰਘ ਗੰਡੇਵਾਲ, ਸੁਖਦੇਵ ਸਿੰਘ ਟਿੱਬਾ, ਭੋਲਾ ਸਿੰਘ ਛੀਨੀਵਾਲ ਆਦਿ ਆਗੂਆਂ ਦੀ ਅਗਵਾਈ ਹੇਠ ਟੀਮਾਂ ਦੇ ਰੂਪ ਵਿਚ ਪੰਜਾਬ ਸੰਭਾਲੋ ਮੁਹਿੰਮ ਤਹਿਤ ਪਿੰਡ ਪਿੰਡ ਬਸਪਾ ਦੀਆਂ ਨਵੀਆਂ ਇਕਾਈਆਂ ਦਾ ਗਠਨ ਕਰ ਕੇ ਹਰ ਪਿੰਡ ਦੇ ਹਰ ਬੂਹੇ ਤੱਕ ਪਹੁੰਚ ਕੀਤੀ ਜਾ ਰਹੀ ਹੈ, ਤਾਂ ਜੋ ਆਗਾਮੀ ਵਿਧਾਨ ਸਭਾ ਚੋਣਾਂ 2027 'ਚ ਬਸਪਾ ਇਕ ਮਜ਼ਬੂਤ ਧਿਰ ਵਜੋਂ ਸਾਹਮਣੇ ਆ ਸਕੇ |