ਟੱਲੇਵਾਲ, 18 ਨਵੰਬਰ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਵਿਖੇ ਪੰਜਾਬੀ ਮਹੀਨੇ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਡਾ: ਸੁਖਦੇਵ ਸਿੰਘ, ਡਾ: ਸੋਮਪਾਲ ਹੀਰਾ, ਪ੍ਰੋ: ਮਲਵਿੰਦਰ ਸਿੰਘ ਪਿ੍ੰਸੀਪਲ ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ, ਮਾਸਟਰ ਰਾਮ ਕੁਮਾਰ ਭਦੌੜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਦੌਰਾਨ ਡਾ: ਸੁਖਦੇਵ ਸਿੰਘ ਸਾਬਕਾ ਪ੍ਰੋਫ਼ੈਸਰ ਅਤੇ ਮੁਖੀ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ, ਭਾਰਤ ਦੇ ਕੌਮੀ ਜਨਰਲ ਸਕੱਤਰ ਨੇ ਪੰਜਾਬੀ ਭਾਸ਼ਾ ਦੀ ਅਮੀਰ ਵਿਰਾਸਤ, ਉਸ ਦੀਆਂ ਮੌਜੂਦਾ ਚੁਨੌਤੀਆਂ ਅਤੇ ਭਵਿੱਖ ਲਈ ਸੰਭਾਵਨਾਵਾਂ ਬਾਰੇ ਗਹਿਰਾਈ ਨਾਲ ਚਰਚਾ ਕੀਤੀ | ਸੰਸਥਾ ਦੇ ਮੱਖੀ ਚਰਨਦੀਪ ਸਿੰਘ (ਡਾ:), ਡਾ: ਗੁਰਦੀਪ ਕੌਰ ਨੇ ਵੀ ਸੰਬੋਧਨ ਕੀਤਾ | ਇਸ ਦੌਰਾਨ 'ਭਾਸ਼ਾ ਵਹਿੰਦਾ ਦਰਿਆ' ਨਾਟਕ ਦੀ ਸਫਲ ਰੰਗਮੰਚੀ ਪੇਸ਼ਕਾਰੀ ਵੀ ਕੀਤੀ ਗਈ | ਇਹ ਨਾਟਕ ਪ੍ਰਸਿੱਧ ਕਵੀ ਡਾ: ਸੁਰਜੀਤ ਪਾਤਰ ਦੀ ਭਾਸ਼ਾਈ ਸੰਵੇਦਨਾਵਾਂ ਨਾਲ ਭਰੀਆਂ ਕਵਿਤਾਵਾਂ ਤੇ ਆਧਾਰਿਤ ਸੀ | ਨਾਟਕ ਦੀ ਲਿਖਤ ਤੇ ਮੰਚ-ਨਿਰਦੇਸ਼ਨ ਡਾ: ਸੋਮਪਾਲ ਹੀਰਾ ਵਲੋਂ ਕੀਤਾ ਗਿਆ | ਸੰਸਥਾ ਵਲੋਂ ਡਾ: ਸੁਖਦੇਵ ਸਿੰਘ ਅਤੇ ਡਾ: ਸੋਮਪਾਲ ਹੀਰਾ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਡਾ: ਹਰਮੀਤ ਕੌਰ ਸਿੱਧੂ, ਕਾਲਜ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ |