ਤਪਾ ਮੰਡੀ, 31 ਅਗਸਤ (ਵਿਜੇ ਸ਼ਰਮਾ)-ਫਾਇਰਮੈਨ ਦੇ ਤੌਰ 'ਤੇ ਡਿਊਟੀ ਨਿਭਾ ਰਹੇ ਪ੍ਰਭਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਰਾਜਾ ਪੱਤੀ ਢਿੱਲਵਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੱਦੋਵਾਲ ਲੁਧਿਆਣਾ ਵਿਖੇ ਫਾਇਰਮੈਨ ਦੀ ਡਿਊਟੀ ਨਿਭਾ ਰਹੇ ਹਨ, ਉਹ ਹੁਣ ਜਦ ਪਿੰਡ ਢਿੱਲਵਾਂ ਆਏ ਹੋਏ ਸਨ ਤਾਂ ਪਿੰਡ ਦੇ ਕੁੱਝ ਵਿਅਕਤੀਆਂ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਉਂਗਲ ਵੀ ਬਿਲਕੁਲ ਕੱਟ ਕੇ ਅਲੱਗ ਕਰ ਦਿੱਤੀ ਅਤੇ ਬਜ਼ੁਰਗ ਮਾਂ ਪਿਉ ਦੀ ਵੀ ਨਾਲ ਕੁੱਟਮਾਰ ਕੀਤੀ ਗਈ | ਸਰਕਾਰੀ ਹਸਪਤਾਲ ਬਰਨਾਲਾ ਵਿਖੇ ਜੇਰੇ ਇਲਾਜ ਪ੍ਰਭਜੀਤ ਸਿੰਘ ਨੇ ਇਨਸਾਫ਼ ਦੀ ਗੁਹਾਰ ਲਾਉਂਦੇ ਕਿਹਾ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਉਸ 'ਤੇ ਰੰਜਸ਼ ਵਜੋਂ ਜਾਨਲੇਵਾ ਹਮਲਾ ਕੀਤਾ ਗਿਆ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਨੂੰ ਕਾਨੰੂਨੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਕੇ ਇਨਸਾਫ਼ ਦਵਾਇਆ ਜਾਵੇ | ਪੁਲਿਸ ਥਾਣਾ ਤਪਾ ਦੇ ਐਸ.ਐੱਚ.ਓ. ਸ਼ਰੀਫ਼ ਖ਼ਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਚਾਰ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਕੁੱਟਮਾਰ ਦੇ ਮਾਮਲੇ ਵਿਚ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਆਪ ਆਗੂ ਤੇਜਿੰਦਰ ਸਿੰਘ ਢਿੱਲਵਾਂ, ਆਕਾਸ਼ਦੀਪ ਸਿੰਘ, ਮਨਜੀਤ ਸਿੰਘ ਅਤੇ ਮਨਦੀਪ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਦੋਂ ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਫ਼ੋਨ ਨਹੀਂ ਚੁੱਕਿਆ |