ਫਿਰੋਜ਼ਪੁਰ, 31 ਅਗਸਤ (ਸੁਖਵਿੰਦਰ ਸਿੰਘ)-ਫਿਰੋਜ਼ਪੁਰ ਸ਼ਹਿਰ ਦੇ ਸੇਵਾ-ਭਾਵੀ ਨੌਜਵਾਨਾਂ ਨੇ ਮਨੁੱਖਤਾ ਦਾ ਫ਼ਰਜ਼ ਨਿਭਾਉਂਦੇ ਹੋਏ ਪਿੰਡ ਬਾਰੇ ਕੇ ਵਿਚ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਲਈ ਸੁੱਕੇ ਰਾਸ਼ਨ ਦੀ ਵੰਡ ਕੀਤੀ | ਨੌਜਵਾਨਾਂ ਵਲੋਂ ਆਪਣੇ ਪੱਖੋਂ ਆਟਾ, ਚੌਲ, ਦਾਲਾਂ, ਖੰਡ ਤੇ ਹੋਰ ਜ਼ਰੂਰੀ ਸਮਾਨ ਇਕੱਠਾ ਕਰਕੇ ਪੈਕ ਤਿਆਰ ਕੀਤੇ ਗਏ ਤੇ ਵਾਹਨਾਂ ਰਾਹੀਂ ਪਿੰਡ ਤੱਕ ਪਹੁੰਚਾ ਕੇ ਸਿੱਧੇ ਪੀੜਤ ਪਰਿਵਾਰਾਂ ਦੇ ਹੱਥਾਂ ਵਿਚ ਸੌਂਪੇ ਗਏ | ਹੜ੍ਹ ਕਾਰਨ ਪਿੰਡ ਦੇ ਕਈ ਪਰਿਵਾਰ ਘਰਾਂ ਵਿਚ ਫਸੇ ਹੋਏ ਹਨ ਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀ ਕਰਨ ਲਈ ਸੰਘਰਸ਼ ਕਰ ਰਹੇ ਹਨ | ਸੁਤੰਤਰ ਚੌਹਾਨ, ਸਰਗੁਨ ਚੌਹਾਨ, ਐਡਵੋਕੇਟ ਸੁਖਵਿੰਦਰ ਸਿੰਘ ਚੌਹਾਨ ਅਤੇ ਆਕਾਸ਼ਦੀਪ ਸਿੰਘ ਨੇ ਕਿਹਾ ਕਿ ਇਹ ਸੇਵਾ ਮਨੁੱਖਤਾ ਲਈ ਹੈ ਤੇ ਹਰ ਕੋਈ ਆਪਣੇ ਪੱਖੋਂ ਯੋਗਦਾਨ ਪਾਏ ਤਾਂ ਹੀ ਪੀੜਤਾਂ ਨੂੰ ਹੌਂਸਲਾ ਮਿਲ ਸਕਦਾ ਹੈ | ਉਨ੍ਹਾਂ ਨੇ ਅਪੀਲ ਕੀਤੀ ਕਿ ਜਦ ਤੱਕ ਹੜ੍ਹ ਪੀੜਤਾਂ ਦੀ ਸਥਿਤੀ ਸੁਧਰਦੀ ਨਹੀਂ, ਤਦ ਤੱਕ ਸਭ ਨੂੰ ਮਿਲ ਕੇ ਇਨ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ | ਸਰਗੁਨ ਚੌਹਾਨ ਨੇ ਦੱਸਿਆ ਕਿ ਇਹ ਸੇਵਾ ਅਗਲੇ ਸਮੇਂ ਤੱਕ ਵੀ ਜਾਰੀ ਰਹੇਗੀ, ਤਾਂ ਜੋ ਹੜ੍ਹ ਪੀੜਤ ਪਰਿਵਾਰਾਂ ਦੀਆਂ ਮੁਸ਼ਕਲਾਂ ਘੱਟ ਕੀਤੀਆਂ ਜਾ ਸਕਣ | ਇਸ ਮਨੁੱਖਤਾ ਭਰੀ ਸੇਵਾ ਨਾਲ ਪੀੜਤਾਂ ਨੂੰ ਨਾ ਸਿਰਫ਼ ਰਾਹਤ ਮਿਲੀ ਹੈ ਸਗੋਂ ਉਨ੍ਹਾਂ ਦੇ ਚਿਹਰਿਆਂ 'ਤੇ ਉਮੀਦ ਦੀ ਰੌਸ਼ਨੀ ਵੀ ਵਾਪਸ ਆਈ ਹੈ |