09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪਿੰਡ ਉੱਗੋਕੇ ਵਿਖੇ ਪਹੀ ਦੇ ਰੌਲੇ ਨੂੰ ਲੈ ਕੇ ਸਪਰੇਅ ਪੀਣ ਵਾਲੇ ਨੌਜਵਾਨ ਦੇ ਹੱਕ ਵਿਚ ਲਾਇਆ ਕਿਸਾਨ ਜਥੇਬੰਦੀਆਂ ਨੇ ਧਰਨਾ <br/>

ਅਜੀਤ ਡੈਸਕ 01-09-2025
ਸ਼ਹਿਣਾ, 31 ਅਗਸਤ (ਸੁਰੇਸ਼ ਗੋਗੀ)-ਪਿੰਡ ਉੱਗੋਕੇ ਵਿਖੇ ਬੀਤੇ ਕੱਲ੍ਹ ਇਕ ਪਹੀ ਦੇ ਰੌਲ਼ੇ ਨੂੰ ਲੈ ਕੇ ਪੁਲਿਸ ਦੀ ਹਾਜ਼ਰੀ ਵਿਚ ਸਪਰੇਅ ਪੀ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੇ ਹੱਕ ਵਿਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਥਾਣਾ ਸ਼ਹਿਣਾ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਲਖਵਿੰਦਰ ਸਿੰਘ ਗੋਰਾ ਜ਼ਿਲ੍ਹਾ ਮੀਤ ਪ੍ਰਧਾਨ ਭਾਕਿਯੂ ਸਿੱਧੂਪੁਰ, ਕਾਲਾ ਸਿੰਘ ਜੈਦ ਜਨਰਲ ਸਕੱਤਰ ਭਾਕਿਯੂ ਡਕੌਂਦਾ ਧਨੇਰ ਨੇ ਕਿਹਾ ਕਿ ਪਿੰਡ ਉੱਗੋਕੇ ਵਿਖੇ ਜੋ ਤਿੰਨ ਧਿਰਾਂ ਵਿਚ ਕਿਸਾਨਾਂ ਦਾ ਰੌਲਾ ਚੱਲ ਰਿਹਾ ਸੀ, ਉਸ ਵਿਚ ਪੁਲਿਸ ਵਲੋਂ ਨਿਭਾਈ ਗਈ ਭੂਮਿਕਾ ਸਹੀ ਨਹੀਂ ਸੀ | ਉਨ੍ਹਾਂ ਕਿਹਾ ਕਿ ਜਦ ਤਹਿਸੀਲਦਾਰ ਤੇ ਕਾਨੂੰਗੋ ਵਲੋਂ ਮਿਣਤੀ ਕਰ ਕੇ ਨਿਸ਼ਾਨਦੇਹੀ ਕੀਤੀ ਗਈ ਅਤੇ ਪੱਥਰ ਲਾ ਦਿੱਤੇ ਗਏ | ਉਸ ਉਪਰੰਤ ਇਕ ਧਿਰ ਵਲੋਂ ਉਕਤ ਪੱਥਰ ਪੱੁਟ ਦਿੱਤੇ ਗਏ ਜਿਸ ਦਾ ਕਿ ਥਾਣਾ ਸ਼ਹਿਣਾ ਵਿਖੇ ਪਰਚਾ ਵੀ ਦਰਜ ਹੋਇਆ | ਕਿਸਾਨ ਆਗੂਆਂ ਨੇ ਕਿਹਾ ਕਿ ਪੀੜਤ ਕਿਸਾਨ ਵਲੋਂ ਮੱਕੀ ਦੀ ਫ਼ਸਲ ਵੱਢਣ ਉਪਰੰਤ ਥਾਣੇ ਇਤਲਾਹ ਦੇ ਕੇ ਝੋਨੇ ਦੀ ਲਵਾਈ ਸ਼ੁਰੂ ਕੀਤੀ ਗਈ, ਹੁਣ ਜਦ ਡੇਢ ਮਹੀਨਾ ਝੋਨੇ ਦੀ ਫ਼ਸਲ ਲਾਈ ਨੂੰ ਹੋ ਗਿਆ, ਤਾਂ ਉਸ ਉਪਰੰਤ ਉਸ ਨੂੰ ਜ਼ਮੀਨ ਦੱਬਣ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀਆਂ ਧਮਕੀਆਂ ਦੇਣਾ ਕਿੱਥੋਂ ਦਾ ਇਨਸਾਫ਼ ਹੈ | ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਜੋ ਕੁੱਝ ਪੁਲਿਸ ਦੀਆਂ ਅੱਖਾਂ ਸਾਹਮਣੇ ਵਾਪਰਿਆ ਉਸ ਨਾਲ ਕਿਸਾਨ ਜਥੇਬੰਦੀਆਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮੈਦਾਨ ਵਿਚ ਨਿੱਤਰੀਆਂ ਹਨ, ਕਿਉਂਕਿ ਸਰਕਾਰੇ ਦਰਬਾਰੇ ਕੋਈ ਵੀ ਵਾਹ ਜਾਂਦੀ ਨਾ ਦੇਖ ਨਿਰਭੈ ਸਿੰਘ ਕਿਸਾਨ ਦੇ ਨੌਜਵਾਨ ਪੱੁਤਰ ਪਰਦੀਪ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਲਈ ਸੀ | ਜਿਸ ਨੂੰ ਕਿ ਬਰਨਾਲਾ ਤੋਂ ਬਾਅਦ ਬਠਿੰਡਾ ਵਿਖੇ ਇਲਾਜ ਲਈ ਰੱਖਿਆ ਹੋਇਆ ਹੈ | ਉਨ੍ਹਾਂ ਕਿਹਾ ਕਿ 5 ਸਤੰਬਰ ਤੱਕ ਜੇਕਰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਬਲਵੰਤ ਸਿੰਘ ਮੀਤ ਪ੍ਰਧਾਨ, ਸਾਗਰ ਸਿੰਘ, ਕੁਲਦੀਪ ਸਿੰਘ, ਲਖਵੀਰ ਸਿੰਘ ਖੀਰਾ, ਮੱਘਰ ਸਿੰਘ ਖਾਲਸਾ, ਚਮਕੌਰ ਸਿੰਘ ਭਗਤਾ ਮੀਤ ਪ੍ਰਧਾਨ ਕ੍ਰਾਂਤੀਕਾਰੀ ਫੂਲ, ਕਰਮ ਸਿੰਘ ਗੁਰੂਸਰ, ਗੁਰਚਰਨ ਸਿੰਘ ਗੁਰੂਸਰ, ਰਾਮ ਸਿੰਘ ਤੋਂ ਇਲਾਵਾ ਜਸਪਾਲ ਕੌਰ, ਹਰਬੰਸ ਕੌਰ, ਸੁਖਪਾਲ ਕੌਰ, ਚਰਨਜੀਤ ਕੌਰ, ਰਣਜੀਤ ਕੌਰ, ਸਿਮਰਜੀਤ ਕੌਰ ਤੇ ਹੋਰ ਵੀ ਆਗੂ ਹਾਜਰ ਸਨ | ਇਸ ਮੌਕੇ ਥਾਣਾ ਮੁਖੀ ਗੁਰਮੰਦਰ ਸਿੰਘ ਨੇ ਕਿਸਾਨ ਧਰਨੇ ਵਿਚ ਸ਼ਾਮਿਲ ਆਗੂਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਨਸਾਫ਼ ਲਈ ੳੱੁਚ ਅਧਿਕਾਰੀਆਂ ਨੂੰ ਵੀ ਲਿਖਤੀ ਪੱਤਰ ਦੇ ਸਕਦੇ ਹਨ | ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਬੇਇਨਸਾਫ਼ੀ ਨਹੀਂ ਹੋਵੇਗੀ | 3 ਸਤੰਬਰ ਨੂੰ ਦੁਬਾਰਾ ਮਿਣਤੀ ਮਾਲ ਵਿਭਾਗ ਦੇ ਅਧਿਕਾਰੀ ਕਰਨਗੇ | ਤਦ ਤੱਕ ਜਿਸ ਤਰਾਂ ਦੇ ਹਾਲਾਤ ਜ਼ਮੀਨ ਦੇ ਹਨ, ਉਸੇ ਤਰ੍ਹਾਂ ਹੀ ਪਈ ਰਹੇਗੀ | ਜੇਕਰ ਕੋਈ ਧਿਰ ਵਾਧਾ ਕਰੇਗੀ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਦੁਬਾਰਾ ਮਿਣਤੀ ਅਨੁਸਾਰ ਜੋ ਸਹੀ ਕੀਤਾ ਜਾਵੇਗਾ, ਉਹ ਸਭ ਧਿਰਾਂ ਨੂੰ ਮੰਨਣਾ ਪਵੇਗਾ | ਇਸ ਉਪਰੰਤ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ |

ਪਿਛਲੀ ਖ਼ਬਰ ਟਰੱਕ ਯੂਨੀਅਨ ਤਪਾ ਦੇ ਸਾਬਕਾ ਪ੍ਰਧਾਨ ਤੇਜਿੰਦਰ ਢਿੱਲਵਾਂ ਸਮੇਤ ਚਾਰ 'ਤੇ ਮਾਮਲਾ ਦਰਜ ਅਗਲੀ ਖ਼ਬਰ ਮਹੇਸ਼ ਨਗਰ ਕਾਲੋਨੀ ਵਿਚ ਪੰਜ ਕਿੱਲੇ ਹੋਰ ਜੋੜਨ ਦਾ ਕਾਲੋਨੀ ਵਾਸੀਆਂ ਵਲੋਂ ਕੀਤਾ ਜਾ ਰਿਹਾ ਵਿਰੋਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।