ਬਰਨਾਲਾ, 31 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਮਹੇਸ਼ ਨਗਰ ਕਾਲੋਨੀ, ਹੰਡਿਆਇਆ ਰੋਡ, ਬਰਨਾਲਾ ਨਾਲ ਇੱਕ ਕਾਲੋਨਾਈਜ਼ਰ ਵਲੋਂ ਜੋੜੇ ਜਾ ਰਹੇ ਹੋਰ ਪੰਜ ਕਿੱਲੇ ਨੂੰ ਲੈ ਕੇ ਕਾਲੋਨੀ ਵਾਸੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਜੁਗਰਾਜ ਸਿੰਘ ਨੇ ਦੱਸਿਆ ਕਿ ਇੱਕ ਨਿੱਜੀ ਕਾਲੋਨਾਈਜ਼ਰ ਵਲੋਂ ਪਹਿਲਾਂ ਮਹੇਸ਼ ਨਗਰ ਕਾਲੋਨੀ ਨਾਲ ਤਿੰਨੇ ਏਕੜ ਜ਼ਮੀਨ ਜੋੜੀ ਗਈ ਸੀ | ਜਿਸ ਤੋਂ ਬਾਅਦ ਉਨ੍ਹਾਂ ਨੇ ਮੌਜੂਦਾ ਕਾਲੋਨੀ ਦੀ ਰਿਪੇਅਰ ਕਰਵਾ ਕੇ ਦਿੱਤੀ ਸੀ | ਜਿਸ ਵਿਚ ਸੜਕਾਂ 'ਤੇ ਪ੍ਰੀਮਿਕਸ ਵੀ ਪਵਾਇਆ ਗਿਆ ਸੀ | ਪਰ ਹੁਣ ਫੇਰ ਕਾਲੋਨਾਈਜ਼ਰ ਵਲੋਂ ਪੰਜ ਕਿੱਲੇ ਹੋਰ ਮਹੇਸ਼ ਨਗਰ ਕਾਲੋਨੀ ਵਿਚ ਜੋੜੇ ਜਾ ਰਹੇ ਹਨ | ਜਿਸ ਦਾ ਕਾਲੋਨੀ ਵਾਸੀ ਵਿਰੋਧ ਕਰ ਰਹੇ ਹਨ ਕਿਉਂਕਿ ਅਗਲੀ ਜ਼ਮੀਨ ਜੋੜਨ ਕਾਰਨ ਕਾਲੋਨੀ ਦੀਆਂ ਸੜਕਾਂ ਅਤੇ ਹੋਰ ਪ੍ਰਾਪਰਟੀ 'ਤੇ ਅਸਰ ਪਵੇਗਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਾਲੋਨਾਈਜ਼ਰ ਨੂੰ ਕਿਹਾ ਸੀ ਕਿ ਜ਼ਮੀਨ ਜੋੜਨ ਤੋਂ ਪਹਿਲਾਂ ਸਮਝੌਤੇ ਮੁਤਾਬਿਕ ਜੋ ਵਾਅਦਾ ਕੀਤਾ ਸੀ, ਉਹ ਪੂਰਾ ਕਰੇ | ਪਰ ਹੁਣ ਕਾਲੋਨਾਈਜ਼ਰ ਸਮਝੌਤੇ ਤੋਂ ਪਿੱਛੇ ਹੱਟ ਰਿਹਾ ਹੈ | ਇਸੇ ਸਮਝੌਤੇ 'ਤੇ ਵਿਚਾਰ ਕਰਨ ਲਈ ਬੀਤੀ ਰਾਤ ਕਾਲੋਨੀ ਵਾਸੀਆਂ ਨੇ ਆਪਸੀ ਸਲਾਹ ਮਸ਼ਵਰਾ ਕਰਨ ਲਈ ਕਾਲੋਨੀ ਵਿਚ ਇੱਕ ਟੈਂਟ ਲਗਾਇਆ ਸੀ ਜਿਸ ਨੂੰ ਪੁਟਵਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਸ ਸਬੰਧੀ ਐਸ.ਐਸ.ਪੀ. ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਸਿਟੀ ਥਾਣਾ-2 ਵਿਚ ਕਾਲੋਨਾਈਜ਼ਰ ਖ਼ਿਲਾਫ਼ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ | ਇਸ ਮੌਕੇ ਸੈਕਟਰੀ ਭੂਸ਼ਨ ਕੁਮਾਰ, ਵਾਈਸ ਪ੍ਰਧਾਨ ਨਰਿੰਦਰ ਸ਼ਰਮਾ, ਕੈਸ਼ੀਅਰ ਅਸ਼ਵਨੀ ਕੁਮਾਰ, ਸੁਨੀਲ ਕੁਮਾਰ ਜਿੰਦਲ, ਮਿੰਦੀ, ਪੰਕਜ ਕੁਮਾਰ, ਬਿੱਟੂ ਧਨੌਲਾ, ਅਮਿੱਤ ਸਮੇਤ ਵੱਡੀ ਗਿਣਤੀ ਵਿਚ ਕਾਲੋਨੀ ਵਾਸੀ ਹਾਜ਼ਰ ਸਨ | ਜਦੋਂ ਇਸ ਸਬੰਧੀ ਥਾਣਾ ਸਿਟੀ-2 ਦੇ ਐਸ.ਐੱਚ.ਓ. ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ, ਪੜਤਾਲ ਉਪਰੰਤ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |