ਮਲੇਰਕੋਟਲਾ, ਕੁੱਪ ਕਲਾਂ 31 ਅਗਸਤ (ਮਨਜਿੰਦਰ ਸਿੰਘ ਸਰੌਦ, ਸੁਖਜਿੰਦਰ ਸਿੰਘ ਝੱਲ) - ਡੇਰਾ ਬਾਬਾ ਨਾਨਕ ਦੇ ਹੜ੍ਹ ਪੀੜਤ ਪਰਿਵਾਰਾਂ ਦੇ ਪਸ਼ੂਆਂ ਲਈ ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕੈਟਲ ਫੀਡ ਦੇ 10 ਟਰੱਕ ਜਿੱਤਵਾਲ ਕਲਾਂ ਤੋਂ ਰਵਾਨਾ ਕਰਨ ਸਮੇਂ ਆਖਿਆ ਕਿ ਸਮੂਹ ਪੰਜਾਬੀਆਂ ਨੂੰ ਹੜ੍ਹ ਪੀੜਿਤ ਪਰਿਵਾਰਾਂ ਦੀ ਮਦਦ ਕਰਨ ਦੀ ਲੋੜ ਹੈ | ਉਨ੍ਹਾਂ ਨੇ ਇਸ ਰਾਹਤ ਸਮਗਰੀ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਹਲਕਾ ਨਿਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਰਾਹਤ ਸਮਗਰੀ ਦੇ ਟਰੱਕ ਰਵਾਨਾ ਕਰਨ ਸਮੇਂ ਪ੍ਰੋ. ਗੱਜਣਮਾਜਰਾ ਨੇ ਕਿਹਾ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰਹਿਨੁਮਾਈ ਹੇਠ ਮਾਨ ਸਰਕਾਰ ਹੜ੍ਹ ਪੀੜਤਾਂ ਲਈ ਵੱਡੇ ਉਪਰਾਲੇ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬੀ ਤਾਂ ਆਫ਼ਤ ਮੌਕੇ ਦੁਨੀਆਂ ਦੇ ਹਰ ਕੋਨੇ ਵਿਚ ਮਦਦ ਕਰਨ ਲਈ ਪੁੱਜ ਜਾਂਦੇ ਹਨ ਅਤੇ ਆਪਣੀ ਸੇਵਾ ਭਾਵਨਾ ਕਰ ਕੇ ਪੂਰੀ ਦੁਨੀਆਂ ਵਿਚ ਜਾਣੇ ਜਾਂਦੇ ਹਨ | ਅੱਜ ਤਾਂ ਉਨ੍ਹਾਂ ਦੇ ਘਰ ਪੰਜਾਬ ਦੀ ਧਰਤੀ ਉੱਤੇ ਹੀ ਕੁਦਰਤੀ ਆਫ਼ਤ ਕਾਰਨ ਮਦਦ ਦੀ ਲੋੜ ਹੈ ਤਾਂ ਹਰ ਇੱਕ ਨੂੰ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ | ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਆਮ ਸਥਿਤੀ ਦੀ ਜਲਦੀ ਬਹਾਲੀ ਲਈ ਅਰਦਾਸ ਕਰਨ ਦੀ ਅਪੀਲ ਵੀ ਕੀਤੀ | ਵਿਧਾਇਕ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਅਤੇ ਸਮੁੱਚਾ ਪ੍ਰਸ਼ਾਸਨ ਦਿਨ ਰਾਤ ਇੱਕ ਕਰ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ, ਉੱਥੇ ਇਸ ਮੁਸ਼ਕਲ ਦੀ ਘੜੀ ਵਿਚ ਆਮ ਲੋਕਾਂ ਨੂੰ ਵੀ ਅੱਗੇ ਵੱਧ ਕੇ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਹੜ੍ਹ ਪੀੜਤਾਂ ਦੀਆਂ ਦਿੱਕਤਾਂ ਨੂੰ ਘਟਾਇਆ ਜਾ ਸਕੇ | ਇਸ ਮੌਕੇ ਐਮ.ਡੀ. ਤਾਰਾ ਹੈਲਥ ਫੂਡ ਕੁਲਵੰਤ ਸਿੰਘ ਗੱਜਣਮਾਜਰਾ, ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਯੋਜਨਾ ਕਮੇਟੀ ਸਾਕਿਬ ਅਲੀ ਰਾਜਾ, ਰੂਬਲ ਗੱਜਣਮਾਜਰਾ, ਪਟਵਾਰੀ ਜਗਤਾਰ ਸਿੰਘ, ਹਾਕਮ ਸਿੰਘ ਕੁੱਪ, ਪ੍ਰਧਾਨ ਜਰਨੈਲ ਸਿੰਘ ਟਿਵਾਣਾ,ਨਰੇਸ਼ ਨਾਰੀਕੇ, ਸਰਪੰਚ ਬਲਦੇਵ ਸਿੰਘ ਦੁਲਮਾਂ, ਮਨੀ ਨੰਗਲ ਸਰਪੰਚ, ਨਵਜੀਤ ਸਿੰਘ, ਹਰਦੀਪ ਸਿੰਘ, ਸਤਵਿੰਦਰ ਸਿੰਘ, ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਰੂਪਰਾਏ, ਪੀ.ਏ. ਅਭੀਜੋਤ ਸਿੰਘ ਨਾਗਰਾ, ਚੌਧਰੀ ਨਿਸਾਰ ਮੁਹੰਮਦ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |