ਚੰਡੀਗੜ੍ਹ, 9 ਸਤੰਬਰ (ਅਜਾਇਬ ਸਿੰਘ ਔਜਲਾ) - ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਅੱਜ ਕੌਮੀ ਇਨਸਾਫ਼ ਮੋਰਚਾ, ਕਿਸਾਨ ਜਥੇਬੰਦੀਆਂ ਧਾਰਮਿਕ ਆਗੂਆਂ ਅਤੇ ਹੋਰ ਵੱਖ ਵੱਖ ਸੰਸਥਾਵਾਂ ਦੀ ਇਕ ਵਿਸ਼ੇਸ਼ ਇਕੱਤਰਤਾ ਹੋਈ। ਇਸ ਇਕੱਤਰਤਾ ਮਗਰੋਂ ਕੌਮੀ ਇਨਸਾਫ਼ ਮੋਰਚਾ ਦੇ ਕਨਵੀਨਰ ਪਾਲ ਸਿੰਘ ਫਰਾਂਸ, ਮੋਰਚਾ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਅਤੇ ਜਸਟਿਸ (ਰਿਟਾ) ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖ਼ੁਲਾਸਾ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਹੋਰ ਕਦਮ ਕੋਮੀ ਇਨਸਾਫ਼ ਮੋਰਚਾ ਵਲੋਂ ਉਲੀਕਿਆ ਗਿਆ ਹੈ। ਜਿਸ ਤਹਿਤ 2 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਮਾਰਚ ਚੱਲੇਗਾ ਜੋ ਗੁਰਦੁਆਰਾ ਸਾਹਿਬ ਮਸਤੂਆਣਾ (ਸੰਗਰੂਰ) ਵਿਖੇ ਰੁਕੇਗਾ। ਉਪਰੰਤ ਇਸ ਮਾਰਚ ਰਾਹੀਂ 3 ਅਕਤੂਬਰ ਨੂੰ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਇਸ ਦੀ ਸਮਾਪਤੀ ਹੋਵੇਗੀ। ਇਸ ਮਾਰਚ ਰਾਹੀਂ ਲੋਕਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਜਾਵੇ। ਆਗੂਆਂ ਨੇ ਦੱਸਿਆ ਅਗਲੀ ਰੂਪ ਰੇਖਾ ਛੇਤੀ ਹੀ ਆਪਸੀ ਸਲਾਹ ਮਸ਼ਵਰਾ ਕਰਕੇ ਤੇ ਸੰਗਤਾਂ ਦੇ ਵਿਚਾਰ ਸੁਣ ਕੇ ਕੀਤੀ ਜਾਵੇਗੀ।