ਮਹਿਲ ਕਲਾਂ, 31 ਅਗਸਤ (ਅਵਤਾਰ ਸਿੰਘ ਅਣਖੀ)-ਠੇਕੇਦਾਰ ਕੁਲਦੀਪ ਸਿੰਘ ਗੁੰਮਟੀ ਵਲੋਂ ਮਜ਼ਦੂਰ ਭਾਈਚਾਰੇ ਦੇ ਸਹਿਯੋਗ ਨਾਲ, ਸਾਥੀ ਠੇਕੇਦਾਰ ਮਿੱਤਲ ਦੇ ਉੱਦਮ ਸਦਕਾ ਮਨੁੱਖਤਾ ਦੀ ਭਲਾਈ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ 'ਚ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਪ੍ਰਭਾਵਿਤ ਘਰਾਂ ਦੀਆਂ ਛੱਤਾਂ ਨੂੰ ਮੀਂਹ ਦੇ ਪਾਣੀ ਦੇ ਚੋਣ ਤੋਂ ਬਚਾਉਣ ਲਈ ਮੁਫ਼ਤ ਕਾਗ਼ਜ਼ ਪਾਉਣ ਦੀ ਸੇਵਾ ਕੀਤੀ ਜਾ ਰਹੀ ਹੈ | ਅੱਜ ਇਸ ਮੁਹਿੰਮ ਅਧੀਨ ਟੀਮ ਵਲੋਂ ਇਲਾਕੇ ਦੇ ਦੋ ਦਰਜਨ ਦੇ ਕਰੀਬ ਪਿੰਡਾਂ ਅੰਦਰ ਲੋੜਵੰਦ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਉੱਪਰ ਮੁਫ਼ਤ ਕਾਗ਼ਜ਼ ਪਾ ਕੇ ਬਿਪਤਾ ਮੌਕੇ ਸਹਾਇਤਾ ਕੀਤੀ ਗਈ ਹੈ | ਠੇਕੇਦਾਰ ਕੁਲਦੀਪ ਸਿੰਘ ਗੁੰਮਟੀ, ਬਿੰਦਰ ਸਿੰਘ ਉੱਗੋਕੇ ਅਤੇ ਰਿੰਕੂ ਸਿੰਘ ਗੁੰਮਟੀ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਰਸਾਤ ਕਾਰਨ ਘਰਾਂ ਦੀਆਂ ਛੱਤਾਂ ਚੋਅ ਰਹੀਆਂ ਹਨ | ਇਸ ਬਿਪਤਾ ਦੀ ਘੜੀ ਵਿਚ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਮਜ਼ਦੂਰਾਂ ਦੇ ਸਹਿਯੋਗ ਨਾਲ ਘਰ-ਘਰ ਜਾ ਕੇ ਮੁਫ਼ਤ ਕਾਗ਼ਜ਼ ਪਾਏ ਜਾ ਰਹੇ ਹਨ | ਮਨੁੱਖਤਾ ਦੀ ਭਲਾਈ ਲਈ ਹਰ ਇਕ ਇਨਸਾਨ ਦਾ ਫ਼ਰਜ਼ ਹੈ ਕਿ ਉਹ ਕੁਦਰਤੀ ਆਫ਼ਤਾਂ ਦੌਰਾਨ ਲੋਕਾਂ ਦੀ ਮਦਦ ਲਈ ਅੱਗੇ ਆਵੇ |