ਬਰਨਾਲਾ, 31 ਅਗਸਤ (ਨਰਿੰਦਰ ਅਰੋੜਾ)-ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਦੀ ਅਗਵਾਈ ਵਿਚ ਚੱਲ ਰਹੀ ਪੰਜਾਬ ਪੱਧਰੀ ਹੜਤਾਲ ਅੱਜ 28ਵੇਂ ਦਿਨ ਵਿਚ ਸ਼ਾਮਿਲ ਹੋ ਗਈ ਹੈ | ਗੱਲਬਾਤ ਕਰਦਿਆਂ ਸੂਬਾ ਸਹਾਇਕ ਸਕੱਤਰ ਮਿਲਖਾ ਸਿੰਘ ਬਰਨਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਕਾਮਿਆਂ ਦੀਆਂ ਮੰਗਾਂ ਮੰਨਣ ਦੀ ਬਜਾਏ ਮੌੜ ਮੰਡੀ ਦੇ ਜੇ.ਈ. ਲਖਨ ਕੁਮਾਰ ਵਲੋਂ ਸੀਵਰੇਜ ਕਾਮਿਆਂ 'ਤੇ ਝੂਠੇ ਪਰਚੇ ਦਰਜ ਕਰ ਕੇ ਬਠਿੰਡਾ ਜੇਲ੍ਹ ਭੇਜੇ ਗਏ | ਜ਼ਿਕਰਯੋਗ ਹੈ ਕਿ 10 ਹਜ਼ਾਰ ਰੁਪਏ 'ਤੇ ਕੰਮ ਕਰਨ ਵਾਲਾ ਕਾਮਾ ਜਦੋਂ ਆਪਣੇ ਹੱਕ ਆਪਣਾ ਮਿਹਨਤਾਨਾ ਮੰਗਦਾ ਹੈ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਝੂਠੇ ਪਰਚੇ ਦਰਜ ਕਰ ਕੇ ਜੇਲ੍ਹਾਂ ਵਿਚ ਸੱੁਟ ਰਹੀ ਹੈ | ਪੰਜਾਬ ਸਰਕਾਰ ਵਲੋਂ ਜਥੇਬੰਦੀ ਨਾਲ ਪਿਛਲੇ ਲਗਭਗ 7-8 ਮਹੀਨਿਆਂ ਤੋਂ ਮੀਟਿੰਗ ਦਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਮੀਟਿੰਗ ਵਿਚ ਲੋਲੀਪੋਪ ਤੋਂ ਬਿਨਾਂ ਹੋਰ ਕੁੱਝ ਨਹੀਂ ਨਿਕਲਦਾ | ਜਦ ਕਿ ਸਰਕਾਰ ਵਲੋਂ ਪਰਚੇ ਜ਼ਰੂਰ ਕੱਚੇ ਕਾਮਿਆਂ 'ਤੇ ਕੀਤੇ ਜਾ ਰਹੇ ਹਨ | ਇਸ ਦੇ ਰੋਸ ਵਜੋਂ 1 ਸਤੰਬਰ ਅੱਜ ਤੋਂ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਮੁੱਖ ਕਾਰਜਕਾਰੀ ਅਫ਼ਸਰ ਹੈੱਡ ਆਫ਼ਿਸ ਚੰਡੀਗੜ੍ਹ ਦਫ਼ਤਰ ਦਾ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ | ਇਹ ਮੋਰਚਾ ਓਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੇ ਵਰਕਰਾਂ 'ਤੇ ਝੂਠੇ ਪਰਚੇ ਰੱਦ ਨਹੀਂ ਕੀਤੇ ਜਾਂਦੇ ਅਤੇ ਸਾਡੀਆਂ ਹੱਕੀ ਮੰਗਾਂ ਦਾ ਕੋਈ ਨੋਟੀਫ਼ਿਕੇਸ਼ਨ ਨਹੀਂ ਹੋ ਜਾਂਦਾ | ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਪ੍ਰਸ਼ਾਸਨ ਦੀ ਹੋਵੇਗੀ |