ਟੱਲੇਵਾਲ, 31 ਅਗਸਤ (ਸੋਨੀ ਚੀਮਾ)-ਪਿਛਲੇ 15-20 ਦਿਨਾਂ ਤੋਂ ਹੜ੍ਹ ਦੀ ਮਾਰ ਹੇਠ ਆਏ ਪੰਜਾਬ ਵਾਸੀਆਂ ਨੂੰ ਨਿੱਤ ਨਵੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਪਿਛਲੇ ਸਮੇਂ ਦੌਰਾਨ ਠੇਕੇਦਾਰਾਂ ਅਤੇ ਵਿਭਾਗਾਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੁੱਝ ਅਜਿਹੀਆਂ ਅਣਗਹਿਲੀਆਂ ਵਰਤੀਆਂ ਗਈਆਂ, ਜੋ ਅੱਜ ਦੇ ਹਾਲਾਤ ਅਨੁਸਾਰ ਨਸੂਰ ਬਣ ਰਹੀਆਂ ਹਨ | ਇਸੇ ਕੜੀ ਦੇ ਚੱਲਦਿਆਂ ਹਲਕਾ ਮਹਿਲ ਕਲਾਂ ਦੇ ਪਿੰਡ ਸੱਦੋਵਾਲ ਅਤੇ ਗਾਗੇਵਾਲ ਦੇ ਬਹੁਤੇ ਕਿਸਾਨਾਂ ਦੀ ਹਾਲਤ ਵੀ ਨਾਜ਼ਕ ਬਣ ਚੁੱਕੀ ਹੈ, ਕਿਉਂਕਿ ਪਿਛਲੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਬਣੀ ਸੜਕ, ਜਿਸ ਵਿਚ 17 ਪੁਲੀਆਂ ਅਤੇ ਇਕ ਡਰੇਨ ਦੇ ਪੁਲ ਦੀ ਪ੍ਰੋਵੀਜਨ ਸੀ, ਪਰ ਨਾ ਤਾਂ ਸੜਕ ਵਿਚ ਪੁਲੀਆਂ ਹਨ ਅਤੇ ਨਾ ਹੀ ਪੁਲ ਹੈ ਅਤੇ ਬਰਸਾਤੀ ਡਰੇਨ 'ਤੇ ਨਜਾਇਜ਼ ਕਬਜ਼ੇ ਹੋਣ ਕਾਰਨ ਪਿੰਡ ਬੱਸੀਆਂ ਅਤੇ ਹੋਰਨਾਂ ਇਲਾਕਿਆਂ ਵਿਚੋਂ ਪਾਣੀ ਦਾ ਵਹਾਅ ਉਕਤ ਪਿੰਡਾਂ ਵੱਲ ਨੂੰ ਆ ਕੇ ਫ਼ਸਲਾਂ ਨੂੰ ਮਾਰ ਰਿਹਾ ਹੈ, ਪਰ ਕਿਸੇ ਵੀ ਲੀਡਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ | ਇਸ ਮਾਮਲੇ ਸਬੰਧੀ ਕੁੱਝ ਦਿਨ ਪਹਿਲਾਂ ਭਾਕਿਯੂ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ ਕਿ ਮਹਿਲ ਕਲਾਂ ਤੋਂ ਹਠੂਰ ਤੱਕ ਸੜਕ ਕੁੱਝ ਸਮਾਂ ਪਹਿਲਾਂ 18 ਫ਼ੁੱਟ ਕਰ ਕੇ ਬਣੀ ਸੀ ਪਰ ਇਸ ਦੌਰਾਨ ਸੜਕੀ ਮਹਿਕਮੇ ਅਤੇ ਠੇਕੇਦਾਰ ਵਲੋਂ ਪਿੰਡ ਗਾਗੇਵਾਲ ਨੇੜੇ ਤੋਂ ਲੰਘਦੀ ਇਕ ਛੋਟੀ ਨਿਕਾਸੀ ਡਰੇਨ ਦਾ ਪੁਲ ਹੀ ਬੰਦ ਕਰ ਦਿੱਤਾ | ਇਹ ਨਿਕਾਸੀ ਡਰੇਨ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਸਮੇਤ ਗਾਗੇਵਾਲ, ਸੱਦੋਵਾਲ ਅਤੇ ਛੀਨੀਵਾਲ ਖ਼ੁਰਦ ਦੇ ਪਾਣੀ ਦਾ ਨਿਕਾਸ ਅੱਗੇ ਵੱਡੀ ਡਰੇਨ ਵਿਚ ਕੱਢਣ ਦਾ ਕੰਮ ਕਰਦੀ ਹੈ | ਨਜਾਇਜ਼ ਕਬਜ਼ੇ ਹੋਣ ਕਰਕੇ ਵਜੂਦ ਗਵਾ ਰਹੀ ਇਸ ਡਰੇਨ ਲਈ ਪ੍ਰਸ਼ਾਸਨ ਨੇ ਨਿਸ਼ਾਨਦੇਹੀ ਵੀ ਕਰਵਾਈ, ਪਰ ਉਹ ਕਾਗ਼ਜ਼ਾਂ ਤੱਕ ਸੀਮਤ ਰਹਿ ਗਈ | ਉਨ੍ਹਾਂ ਦੱਸਿਆ ਕਿ ਲਗਾਤਾਰ ਮੀਂਹ ਪੈਣ ਕਾਰਨ ਗਾਗੇਵਾਲ ਅਤੇ ਸੱਦੋਵਾਲ ਵਿਚ ਕਿਸਾਨਾਂ ਦੇ ਖੇਤਾਂ ਵਿਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਹੈ ਅਤੇ ਨਿਕਾਸੀ ਡਰੇਨ ਦਾ ਪੁਲ ਖ਼ੁਰਦ ਬੁਰਦ ਹੋਣ ਕਰ ਕੇ ਪਾਣੀ ਦੀ ਅੱਗੇ ਨਿਕਾਸੀ ਬੰਦ ਹੈ, ਜਿਸ ਦਾ ਖ਼ਮਿਆਜ਼ਾ ਲੋਕ ਭੁਗਤ ਰਹੇ ਹਨ | ਉਨ੍ਹਾਂ ਦੱਸਿਆ ਕਿ ਸੈਂਕੜੇ ਏਕੜ ਫ਼ਸਲ ਮੀਂਹ ਦੇ ਪਾਣੀ ਦੀ ਮਾਰ ਹੇਠ ਹੈ ਅਤੇ ਪਾਣੀ ਕਾਰਨ ਆਂਗਣਵਾੜੀ ਕੇਂਦਰ ਦੀ ਕੰਧ ਵੀ ਡਿਗ ਪਈ ਹੈ | ਉਨ੍ਹਾਂ ਕਿਹਾ ਕਿ ਡਰੇਨ ਦੇ ਪੁਲ ਨੂੰ ਖ਼ੁਰਦ ਬੁਰਦ ਕਰਨ ਦੇ ਮਾਮਲੇ ਦੀ ਪ੍ਰਸ਼ਾਸਨ ਅਤੇ ਸਰਕਾਰ ਤੁਰੰਤ ਜਾਂਚ ਕਰਵਾਏ ਅਤੇ ਮੌਜੂਦਾ ਸਮੇਂ ਬਣੇ ਪਾਣੀ ਦੇ ਸੰਕਟ ਦੀ ਨਿਕਾਸੀ ਦਾ ਤੁਰੰਤ ਹੱਲ ਕੀਤਾ ਜਾਵੇ | ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਇਸ ਵਿਰੁੱਧ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਸਬੰਧੀ ਮਹਿਲ ਕਲਾਂ ਦੇ ਐਸ.ਡੀ.ਐਮ. ਜਗਰਾਜ ਸਿੰਘ ਕਾਹਲੋਂ ਨੇ ਕਿਹਾ ਕਿ ਅੱਜ ਇਸ ਮਸਲੇ ਸਬੰਧੀ ਬੀ.ਡੀ.ਪੀ.ਓ. ਮਹਿਲ ਕਲਾਂ ਵਲੋਂ ਜਾਇਜ਼ਾ ਲਿਆ ਗਿਆ ਹੈ ਅਤੇ ਰਿਪੋਰਟ ਅਨੁਸਾਰ ਉਕਤ ਬਰਸਾਤੀ ਡਰੇਨ ਲੁਧਿਆਣਾ ਡਵੀਜ਼ਨ ਵਿਚ ਪੈਂਦੀ ਹੈ ਅਤੇ ਹੁਣ ਐਮਰਜੈਂਸੀ ਹਾਲਾਤ ਹਨ ਅਤੇ ਉਕਤ ਡਰੇਨ ਸਬੰਧੀ ਮਾਮਲਾ ਮਾਣਯੋਗ ਅਦਾਲਤ ਵਿਚ ਚੱਲ ਰਿਹਾ ਹੈ | ਜਿਸ ਲਈ ਹਾਲੇ ਡਰੇਨ ਦਾ ਹੱਲ ਨਹੀਂ ਹੋ ਸਕਦਾ | ਉਨ੍ਹਾਂ ਕਿਹਾ ਕਿ ਹਾਲਾਤ ਅਜੇ ਕਾਬੂ ਵਿਚ ਹਨ, ਬਸ਼ਰਤੇ ਜੇਕਰ ਹਾਲਾਤ ਕੁੱਝ ਵਿਗੜ ਹਨ, ਤਾਂ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਤਹਿਤ ਬਣੀ ਸੜਕ ਅਧੀਨ ਪਾਈਪਾਂ ਪਾ ਕੇ ਉਕਤ ਮਸਲੇ ਦਾ ਹੱਲ ਕਰ ਲਿਆ ਜਾਵੇਗਾ |