ਮਹਿਲ ਕਲਾਂ, 21 ਜੁਲਾਈ (ਅਵਤਾਰ ਸਿੰਘ ਅਣਖੀ)-ਸੂਬਾ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਵਿਰੁੱਧ 25 ਜੁਲਾਈ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਮੂਹਰੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਸਬੰਧੀ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਪੰਜਾਬ (ਏਟਕ) ਦੀ ਅਗਵਾਈ ਹੇਠ ਜ਼ਿਲ੍ਹਾ ਭਰ ਦੇ ਸਾਰੇ ਪਿੰਡਾਂ ਅੰਦਰ ਮੀਟਿੰਗਾਂ ਕਰਵਾ ਕੇ ਮਜ਼ਦੂਰਾਂ ਨੂੰ ਭਖਦੀਆਂ ਮੰਗਾਂ ਪ੍ਰਤੀ ਲਾਮਬੰਦ ਕੀਤਾ ਗਿਆ ਹੈ | ਇਹ ਜਾਣਕਾਰੀ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ (ਏਟਕ) ਦੇ ਜ਼ਿਲ੍ਹਾ ਸਕੱਤਰ ਖੁਸ਼ੀਆ ਸਿੰਘ ਨੇ ਪਿੰਡ ਲੋਹਗੜ੍ਹ, ਹਰਦਾਸਪੁਰਾ, ਨਿਹਾਲੂਵਾਲ, ਛਾਪਾ, ਕੁਤਬਾ ਵਿਖੇ ਬਰਨਾਲਾ ਰੈਲੀ ਦੀਆਂ ਤਿਆਰੀਆਂ ਸਬੰਧੀ ਮਜ਼ਦੂਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਦਿੱਤੀ | ਉਨ੍ਹਾਂ ਕਿਹਾ ਕਿ 58 ਸਾਲ ਬਾਅਦ ਨਰੇਗਾ 2005 ਲਾਗੂ ਹੋਣ ਨਾਲ ਮਜ਼ਦੂਰ ਵਰਗ ਨੂੰ 100 ਦਿਨ ਦੇ ਕੰਮ ਦੀ ਗਰੰਟੀ ਮਿਲੀ ਸੀ, ਪਰ ਅਫ਼ਸੋਸ ਕਿ ਹੁਣ ਸਰਕਾਰਾਂ ਤਰ੍ਹਾਂ-ਤਰ੍ਹਾਂ ਦੀ ਬਹਾਨੇਬਾਜ਼ੀ ਨਾਲ ਮਜ਼ਦੂਰ ਵਰਗ ਦਾ ਹੱਕ ਮਾਰ ਰਹੀਆਂ ਹਨ | ਨਰੇਗਾ ਦੀ ਪਾਰਦਰਸ਼ਤਾ ਬਹਾਲੀ ਲਈ ਸਰਕਾਰਾਂ ਅਤੇ ਅਫ਼ਸਰਸ਼ਾਹੀ ਖ਼ਿਲਾਫ਼ ਲਾਮਬੰਦ ਹੋਣਾ ਸਮੇਂ ਦੀ ਮੁੱਖ ਲੋੜ ਹੈ | ਮਜ਼ਦੂਰ ਆਗੂ ਕੌਰ ਸਿੰਘ ਕਲਾਲ ਮਾਜਰਾ ਨੇ ਨਰੇਗਾ ਰੁਜ਼ਗਾਰ ਦੀ ਕਮੀ ਅਤੇ ਵਿਕਾਸ ਕਾਰਜਾਂ ਦੇ ਲਟਕਾਅ ਖ਼ਿਲਾਫ਼ ਰੋਸ ਜਤਾਇਆ | ਮਜ਼ਦੂਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਗਈ ਕਿ ਪਿੰਡਾਂ ਵਿਚ ਰੁਕੇ ਹੋਏ ਨਰੇਗਾ, ਵਿਕਾਸ ਕੰਮ ਜਿਵੇਂ ਕਿ ਕੱਚੇ ਰਸਤੇ, ਨਿਕਾਸੀ ਪ੍ਰਣਾਲੀ, ਪਾਣੀ ਦੀ ਸਹੂਲਤ ਆਦਿ ਤੁਰੰਤ ਸ਼ੁਰੂ ਕੀਤੇ ਜਾਣ | ਇਸ ਮੌਕੇ ਬੂਟਾ ਸਿੰਘ, ਸੁਖਵਿੰਦਰ ਸਿੰਘ, ਕੌਰ ਸਿੰਘ, ਜਸਵੀਰ ਸਿੰਘ, ਕੁਲਦੀਪ ਕੌਰ, ਚਰਨ ਸਿੰਘ, ਗੁਰਮੇਲ ਸਿੰਘ, ਕਿਰਨਾ ਕੌਰ, ਹਰਜਿੰਦਰ ਕੌਰ, ਭੋਲਾ ਸਿੰਘ, ਜਸਵੀਰ ਕੌਰ, ਗੁਰਮੀਤ ਕੌਰ, ਅਮਨਦੀਪ ਕੌਰ ਆਦਿ ਨੇ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਨੂੰ ਆੜ੍ਹੇ ਹੱਥੀ ਲੈਂਦਿਆਂ ਕਿਹਾ ਕਿ ਜਦੋਂ ਤੱਕ ਪਿੰਡਾਂ 'ਚ ਰੁਕੇ ਹੋਏ ਨਰੇਗਾ ਕਾਰਜ ਸ਼ੁਰੂ ਨਹੀਂ ਕੀਤੇ ਜਾਂਦੇ, ਜਥੇਬੰਦੀ ਦਾ ਸੰਘਰਸ਼ ਜਾਰੀ ਰਹੇਗਾ | ਆਗੂਆਂ ਨੇ ਦੱਸਿਆ ਕਿ 25 ਜੁਲਾਈ ਨੂੰ ਜ਼ਿਲ੍ਹਾ ਭਰ ਦੇ ਨਰੇਗਾ ਮਜ਼ਦੂਰ ਵੱਡੀ ਗਿਣਤੀ 'ਚ ਪਰਿਵਾਰਾਂ ਸਮੇਤ ਡੀ.ਸੀ ਦਫ਼ਤਰ ਬਰਨਾਲਾ ਪਹੁੰਚਣਗੇ |