ਬਰਨਾਲਾ, 19 ਜੁਲਾਈ (ਅਸ਼ੋਕ ਭਾਰਤੀ)-ਐੱਸ.ਸੀ.ਆਰ.ਟੀ. ਅਤੇ ਸਲੈਮ ਆਊਟ ਲਾਊਡ ਸੰਸਥਾ ਵਲੋਂ ਪੰਜਾਬ ਦੇ ਸਕੂਲਾਂ 'ਚ ਚੱਲ ਰਹੇ ਪ੍ਰੋਜੈਕਟ ਆਵਾਜ਼ ਅਧੀਨ ਸਟੇਟ ਪੱਧਰੀ ਕਲਾ ਸੱਥ ਪ੍ਰੋਗਰਾਮ ਟੈਗੋਰ ਥੀਏਟਰ ਵਿਖੇ ਕਰਵਾਇਆ ਗਿਆ | ਜਿਸ ਵਿਚ ਦਿਲਪ੍ਰੀਤ ਸਿੰਘ ਆਰਟ ਐਂਡ ਕਰਾਫ਼ਟ ਟੀਚਰ ਸਰਕਾਰੀ ਹਾਈ ਸਕੂਲ ਮਾਂਗੇਵਾਲ (ਬਰਨਾਲਾ) ਨੂੰ ਸਟਾਰ ਆਫ਼ ਦਾ ਈਅਰ ਸਨਮਾਨ ਦੇ ਕੇ ਨਿਵਾਜਿਆ ਗਿਆ | ਇਸ ਮੌਕੇ ਐੱਸ.ਸੀ.ਆਰ.ਟੀ. ਦੇ ਡਾਇਰੈਕਟਰ ਕਮਲ ਸ਼ਰਮਾ, ਸਹਾਇਕ ਡਾਇਰੈਕਟਰ ਐਸ.ਸੀ.ਆਰ.ਟੀ. ਮੈਡਮ ਜਿਗਿਆਸਾ, ਸਲੈਮ ਆਊਟ ਲਾਊਡ ਦੇ ਡਾਇਰੈਕਟਰ ਮੈਡਮ ਰਾਠੀ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਵੀ ਹਾਜ਼ਰ ਸਨ | ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਸੁਨੀਤਇੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਬਰਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਦਿਲਪ੍ਰੀਤ ਸਿੰਘ ਨੇ ਜ਼ਿਲ੍ਹਾ ਬਰਨਾਲਾ ਵਿਚ ਬਤੌਰ ਆਰਟ ਮੈਂਟਰ ਜ਼ਿਲ੍ਹੇ ਦੇ ਸਾਰੇ ਆਰਟ ਐਂਡ ਕਰਾਫ਼ਟ ਟੀਚਰਾਂ ਨੂੰ ਸੈਮੀਨਾਰ ਰਾਹੀਂ ਟਰੇਨਿੰਗ ਦਿੱਤੀ ਅਤੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਕਲਾਸ ਸੱਥ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬੱਚਿਆਂ ਨੇ ਵਧ ਚੜ੍ਹ ਕੇ ਭਾਗ ਲਿਆ ਅਤੇ ਬੱਚਿਆਂ ਵੱਲੋਂ ਬਣਾਈਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਲਗਾਈ ਗਈ |