ਸ਼ਹਿਣਾ, 19 ਜੁਲਾਈ (ਸੁਰੇਸ਼ ਗੋਗੀ)-ਨੌਜਵਾਨਾਂ ਵਿਚ ਪੜ੍ਹਨ ਦੀ ਆਦਤ ਪ੍ਰਫੁੱਲਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਬਰਨਾਲਾ ਜ਼ਿਲ੍ਹੇ ਵਿਚ 2.80 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ 8 ਜਨਤਕ ਲਾਇਬ੍ਰੇਰੀਆਂ ਸਮਰਪਿਤ ਕੀਤੀਆਂ | ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਭਦੌੜ ਅਤੇ ਮਹਿਲ ਕਲਾਂ ਵਿਧਾਨ ਸਭਾ ਹਲਕਿਆਂ ਵਿਚ ਅੱਜ 8 ਲਾਇਬ੍ਰੇਰੀਆਂ ਲੋਕਾਂ ਨੂੰ ਸਮਰਪਿਤ ਕੀਤੀਆਂ ਹਨ | ਸ਼ਹਿਣਾ ਵਿਖੇ ਬਲਵੰਤ ਗਾਰਗੀ ਦੀ ਯਾਦ ਵਿਚ ਬਣੀ ਲਾਇਬਰੇਰੀ ਦਾ ਉਦਘਾਟਨ ਕਰਨ ਉਪਰੰਤ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਸਬਾ ਸ਼ਹਿਣਾ ਇਤਿਹਾਸਕ ਤੇ ਇਨਕਲਾਬੀ ਕਸਬਾ ਹੈ | ਉਨ੍ਹਾਂ ਕਿਹਾ ਕਿ ਪਿੰਡ ਸ਼ਹਿਣਾ, ਧੌਲਾ, ਤਲਵੰਡੀ, ਮੱਝੂਕੇ, ਕੁਤਬਾ, ਦੀਵਾਨਾ, ਵਜੀਦਕੇ ਕਲਾਂ ਅਤੇ ਠੁੱਲੀਵਾਲ ਵਿਖੇ ਬਣੀਆਂ ਇਨ੍ਹਾਂ 8 ਲਾਇਬ੍ਰੇਰੀਆਂ 'ਤੇ ਕੁੱਲ 2.80 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਹਰੇਕ ਲਾਇਬ੍ਰੇਰੀ 35 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ | ਭਗਵੰਤ ਮਾਨ ਨੇ ਕਿਹਾ ਕਿ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਇਨ੍ਹਾਂ ਲਾਇਬ੍ਰੇਰੀਆਂ ਵਿਚ ਕੰਪਿਊਟਰ, ਇੰਟਰਨੈੱਟ ਦੀ ਸਹੂਲਤ, ਮਿਆਰੀ ਸਾਹਿਤ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕਿਤਾਬਾਂ ਮੁਹੱਈਆ ਕਰਵਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਕਿਤਾਬਾਂ ਪੜ੍ਹਨ ਨਾਲ ਪੰਜਾਬ ਵਿਚ ਜੁਰਮ ਦੀ ਦਰ ਘਟੇਗੀ | ਇਸ ਤੋਂ ਪਹਿਲਾਂ ਅਸੀਂ ਸਿਰਫ਼ ਆਈਲੈਟਸ ਕਰਵਾਉਣ ਤੱਕ ਹੀ ਬੱਚਿਆਂ ਨੂੰ ਸੀਮਤ ਰਹੇ | ਹੁਣ ਬੱਚੇ ਪੜ੍ਹ ਲਿਖ ਕੇ ਆਈ.ਏ.ਐਸ, ਆਈ.ਪੀ.ਐਸ ਜਾਂ ਇੰਜੀਨੀਅਰਿੰਗ ਦੀ ਤਿਆਰੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਕੈਂਪਸ ਮੈਨੇਜਰ ਰੱਖੇ ਗਏ ਹਨ, ਜੋ ਸਕੂਲ ਦੀ ਹਰ ਤਰ੍ਹਾਂ ਦੀ ਨਿਗਰਾਨੀ ਰੱਖਦੇ ਹਨ | ਇਸ ਤੋਂ ਪਹਿਲਾਂ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲਏ ਜਾਂਦੇ ਸਨ, ਹੁਣ ਅਧਿਆਪਕ ਸਿਰਫ਼ ਪੜ੍ਹਾਈ ਲਈ ਹੀ ਰਾਖਵੇਂ ਹਨ | ਅੱਜ ਪੰਜਾਬ ਦੇ ਬੱਚੇ ਵਿੱਦਿਆ ਵਿਚ ਟੌਪਰ ਬਣ ਰਹੇ ਹਨ | 2017 ਭਾਰਤ ਸਰਕਾਰ ਦੇ ਸਰਵੇ ਅਨੁਸਾਰ ਪੰਜਾਬ ਵਿੱਦਿਆ ਖੇਤਰ ਵਿਚ 29ਵੇਂ ਨੰਬਰ 'ਤੇ ਰਿਹਾ, ਜਦਕਿ 2021 ਵਿਚ ਥੋੜ੍ਹਾ ਵਧਿਆ ਅਤੇ 2025 ਦੇ ਤਾਜ਼ਾ ਸਰਵੇ ਅਨੁਸਾਰ ਪੰਜਾਬ ਵਿੱਦਿਆ ਖੇਤਰ ਵਿਚ ਪਹਿਲੇ ਨੰਬਰ 'ਤੇ ਰਿਹਾ | ਜਿਸ ਦਾ ਮੁਕਾਬਲਾ ਸਭ ਤੋਂ ਸਿੱਖਿਅਤ ਸੂਬੇ ਕੇਰਲਾ ਨਾਲ ਸੀ | ਜਿਸ ਨੂੰ ਵੀ ਪੰਜਾਬ ਨੇ ਪਛਾੜ ਦਿੱਤਾ ਹੈ | ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਹ ਵਿਅਕਤੀ ਅਮੀਰ ਨਹੀਂ ਹੋਵੇਗਾ | ਜਿਸ ਕੋਲ ਜ਼ਮੀਨ ਜਾਇਦਾਦ ਹੋਵੇਗੀ, ਬਲਕਿ ਉਹ ਆਦਮੀ ਅਮੀਰ ਹੋਵੇਗਾ | ਜਿਸ ਦੇ ਬੱਚੇ ੳੱੁਚ ਸਿੱਖਿਆ ਪ੍ਰਾਪਤ ਕਰਨਗੇ | ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ 3 ਸਾਲਾਂ ਵਿਚ 55 ਹਜ਼ਾਰ ਨੌਕਰੀਆਂ ਦਿੱਤੀਆਂ | 150 ਭਦੌੜ ਦੇ ਖੇਤਰ ਵਿਚੋਂ ਵੀ ਨੌਕਰੀਆਂ 'ਤੇ ਲੱਗੇ | ਉਨ੍ਹਾਂ ਕਿਹਾ ਕਿ 10 ਲੱਖ ਦੀ ਸਿਹਤ ਬੀਮਾ ਹਰ ਵਿਅਕਤੀ ਦਾ ਕੀਤਾ ਗਿਆ | ਜਿਸ ਵਿਚ ਆਧਾਰ ਕਾਰਡ ਦਿਖਾ ਕੇ 552 ਹਸਪਤਾਲਾਂ ਵਿਚ ਇਲਾਜ ਮੁਫ਼ਤ ਹੋ ਸਕੇਗਾ ਅਤੇ ਅਗਲੇ ਸਮੇਂ ਵਿਚ ਹਸਪਤਾਲ ਹੋਰ ਵਧਾਏ ਜਾਣਗੇ | ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਵਿਚ ਸਖ਼ਤ ਸਜਾਵਾਂ ਲਈ ਕਾਨੂੰਨ ਪਾਸ ਕੀਤਾ ਗਿਆ | ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਸਮੱਗਲਰਾਂ ਨਾਲ ਛੋਟੇ ਪੁਲਿਸ ਮੁਲਾਜ਼ਮਾਂ ਦੀ ਗੰਢ ਤੱੁਪ ਦਾ ਖ਼ੁਲਾਸਾ ਹੋਣ ਪਿੱਛੋਂ ਵੱਡੀ ਪੱਧਰ 'ਤੇ ਬਦਲੀਆਂ ਕੀਤੀਆਂ ਗਈਆਂ | ਹਜ਼ਾਰਾਂ ਕਿੱਲੋ ਨਸ਼ੇ ਫੜੇ ਗਏ | ਸੈਂਕੜੇ ਘਰਾਂ ਵਿਚ ਸੱਥਰ ਵਿਛਾਉਣ ਵਾਲੇ ਸਮੱਗਲਰਾਂ ਦੇ ਘਰਾਂ 'ਤੇ ਪੀਲਾ ਪੰਜਾ ਫੇਰਿਆ ਗਿਆ | ਬਿਨਾਂ ਰਾਜਨੀਤਕ ਦਬਾਅ ਦੇ ਵੱਡੇ ਸਮੱਗਲਰ ਗਿ੍ਫ਼ਤਾਰ ਕੀਤੇ ਗਏ | ਉਨ੍ਹਾਂ ਕਿਹਾ ਕਿ ਮੈਂ ਨਾ ਰੇਤ ਵਿਚੋਂ ਤੇ ਨਾ ਕਿਸੇ ਬਿਜ਼ਨਸ ਵਿਚੋਂ ਹਿੱਸਾ ਲੈਂਦਾ ਹਾਂ | ਸਿਰਫ਼ ਪੰਜਾਬੀਆਂ ਦੇ ਪਾਏ ਪਿਆਰ ਦਾ ਮੱੁਲ ਮੋੜ ਰਿਹਾ ਹਾਂ | ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਸੜਕ ਹਾਦਸਿਆਂ ਰਾਹੀਂ 450 ਮਨੱੁਖੀ ਜਾਨਾਂ ਹਰ ਮਹੀਨੇ ਅਜਾਈਾ ਜਾਂਦੀਆਂ ਸਨ ਅਤੇ ਪੰਜਾਬ ਪਹਿਲੇ ਨੰਬਰ 'ਤੇ ਸੜਕ ਹਾਦਸਿਆਂ ਵਿਚ ਗਿਣਿਆਂ ਜਾਂਦਾ ਸੀ | ਹੁਣ ਸੜਕ ਸੁਰੱਖਿਆ ਫੋਰਸ ਬਣਾਏ ਜਾਣ ਨਾਲ 48 ਫ਼ੀਸਦੀ ਸੜਕ ਹਾਦਸੇ ਘਟ ਗਏ ਹਨ | ਮੁੱਖ ਮੰਤਰੀ ਨੇ ਕਿਹਾ ਕਿ ਉਹੀ ਬਿਜਲੀ ਦੀਆਂ ਲਾਈਨਾਂ ਹਨ ਅਤੇ ਉਹੀ ਖੰਭੇ ਹਨ, ਪਰ ਬਿਜਲੀ ਸਪਲਾਈ ਪੂਰੀ ਆਉਂਦੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਨਹਿਰਾਂ ਦਾ ਪਾਣੀ 27 ਫ਼ੀਸਦੀ ਖੇਤਾਂ ਨੂੰ ਲੱਗਦਾ ਸੀ, ਪਰ ਨਹਿਰੀ ਸੂਏ ਤੇ ਕੱਸੀਆ ਨਵੀਆਂ ਬਣਾਈਆਂ ਜਾਣ ਨਾਲ 63 ਫ਼ੀਸਦੀ ਪਾਣੀ ਖੇਤਾਂ ਨੂੰ ਲੱਗਣ ਲੱਗਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨਾਲ ਮੀਟਿੰਗ ਕਰ ਕੇ ਝੋਨੇ ਦੀ ਖ਼ਰੀਦ 15 ਸਤੰਬਰ ਤੋਂ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ, ਕਿਉਂਕਿ ਅਕਤੂਬਰ ਵਿਚ ਮੌਸਮ ਸਿੱਲਾ ਹੋਣ ਕਾਰਨ ਨਮੀ ਦੀ ਮਾਤਰਾ ਨਹੀਂ ਘਟਦੀ | ਪੰਜਾਬ ਵਿਚ ਵੱਡੇ ਸਨਅਤੀ ਅਦਾਰੇ ਸਨਅਤਾਂ ਲਗਾ ਰਹੇ ਹਨ | ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ | ਤਹਿਸੀਲਾਂ ਵਿਚ ਰਜਿਸਟਰੀ ਦਾ ਕੰਮ ਸਿਰਫ਼ 15 ਮਿੰਟਾਂ ਵਿਚ ਆਨਲਾਈਨ ਕਰ ਦਿੱਤਾ ਗਿਆ ਹੈ ਅਤੇ ਕਚਹਿਰੀਆਂ ਵਿਚ ਰਿਸ਼ਵਤ ਬਿਲਕੁਲ ਬੰਦ ਹੋ ਗਈ ਹੈ | ਇਸ ਮੌਕੇ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ, ਹਲਕਾ ਵਿਧਾਇਕ ਲਾਭ ਸਿੰਘ ਉਗੋਕੇ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਮਹਿਲ ਕਲਾਂ, ਗੁਰਪ੍ਰੀਤ ਕੌਰ ਧਰਮ ਪਤਨੀ ਮੱੁਖ ਮੰਤਰੀ ਪੰਜਾਬ, ਹਰਿੰਦਰ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਭੰਗੂ, ਤਰਸੇਮ ਸਿੰਘ ਕਾਹਨੇਕੇ, ਗੁਰਪ੍ਰੀਤ ਸਿੰਘ ਮੌੜ, ਮਨੀਸ਼ ਗਰਗ ਭਦੌੜ, ਸਰਪੰਚ ਨਾਜਮ ਸਿੰਘ, ਲਵਦੀਪ ਸਿੰਘ ਭਗਤਪੁਰਾ, ਅਜੈਬ ਸਿੰਘ ਸੁਖਪੁਰਾ, ਗੁਰਪ੍ਰੀਤ ਸਿੰਘ ਮਨੀ ਗਿੱਲ ਪ੍ਰਧਾਨ ਪੱੁਤਰੀ ਪਾਠਸ਼ਾਲਾ, ਅਮਰੀਕ ਸਿੰਘ ਬੀਕਾ ਪ੍ਰਧਾਨ ਬੀਬੜੀਆਂ ਮਾਈਆਂ ਕਮੇਟੀ, ਜੈਆਦਮ ਪ੍ਰਕਾਸ਼ ਸਿੰਘ ਧਾਲੀਵਾਲ ਪ੍ਰਧਾਨ ਸਹਿਕਾਰੀ ਸਭਾ, ਕਰਮਜੀਤ ਕੌਰ ਸਰਪੰਚ, ਡਾ. ਅਨਿਲ ਗਰਗ, ਹਰਨੇਕ ਸਿੰਘ ਸੈਕਟਰੀ, ਵੈਦ ਯਾਦਵਿੰਦਰ ਸਿੰਘ, ਸੁਖਦੇਵ ਸਿੰਘ ਝੋਰੜ, ਅਜੈਬ ਸਿੰਘ ਵੇਰਕਾ, ਅਮਨਦੀਪ ਸਿੰਘ ਜੱਸਲ, ਵੈਦ ਪਿਆਰਾ ਸਿੰਘ, ਜਤਿੰਦਰ ਸਿੰਘ ਖਹਿਰਾ ਸਾਬਕਾ ਸਰਪੰਚ, ਸੁਨੀਲ ਕੁਮਾਰ ਭੋਲਾ, ਬਲਜੀਤ ਸਿੰਘ ਪ੍ਰਧਾਨ ਪੰਚਾਇਤ ਯੂਨੀਅਨ, ਸਰਪੰਚ ਮਲਕੀਤ ਸਿੰਘ ਮੌੜ, ਸਰਪੰਚ ਹਰਚਰਨ ਸਿੰਘ ਜੰਡਸਰ, ਸਰਪੰਚ ਜਿੰਦਰਪਾਲ ਸਿੰਘ ਧਰਮਪੁਰਾ, ਸਰਪੰਚ ਗੁਰਜਿੰਦਰ ਸਿੰਘ ਪੱਖੋ ਕੈਂਚੀਆਂ, ਸਰਪੰਚ ਰਾਮ ਸਿੰਘ ਉਗੋਕੇ, ਸੁਖਜੀਤ ਸਿੰਘ ਫ਼ੌਜੀ ਜਗਜੀਤਪੁਰਾ, ਸਰਪੰਚ ਮਲੂਕ ਸਿੰਘ ਚੀਮਾ, ਪ੍ਰਗਟ ਸਿੰਘ ਮਕਸੂਥਾ, ਸਰਪੰਚ ਬਲਵਿੰਦਰ ਸਿੰਘ ਮਕਸੂਥਾਂ ਆਦਿ ਵੀ ਹਾਜ਼ਰ ਸਨ |