ਬਰਨਾਲਾ, 18 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਪੰਜਾਬ ਦੀ ਮੀਟਿੰਗ ਸ਼ੇਰ ਸਿੰਘ ਘੁਬਾਇਆ ਮੈਂਬਰ ਲੋਕ ਸਭਾ ਅਤੇ ਚੇਅਰਮੈਨ ਸਟੇਟ ਕਮੇਟੀ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਪੰਜਾਬ ਅਤੇ ਸਕੱਤਰ ਸ੍ਰੀਨਿਵਾਸਨ ਆਈ. ਏ. ਐੱਸ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਕਮੇਟੀ ਪੰਜਾਬ ਦੇ ਮੈਂਬਰ ਧੀਰਜ ਕੁਮਾਰ ਦੱਦਾਹੂਰ ਨੇ ਕਿਸਾਨਾਂ, ਕਮਿਸ਼ਨ ਏਜੰਟਾਂ, ਰਾਇਸ ਮਿੱਲਰਾਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਮੀਟਿੰਗ ਦੇ ਏਜੰਡੇ ਵਿਚ ਆਪਣੇ ਵਿਚਾਰ ਪੇਸ਼ ਕੀਤੇ | ਧੀਰਜ ਕੁਮਾਰ ਦੱਦਾਹੂਰ ਨੇ ਕਿਹਾ ਕਿ ਕੇਂਦਰੀ ਖ਼ੁਰਾਕ ਵੰਡ ਮੰਤਰਾਲੇ ਵਲੋਂ ਕੇਂਦਰੀ ਭੰਡਾਰਨ ਲਈ ਅਨਾਜ ਖ਼ਰੀਦਦੇ ਸਮੇਂ ਅਨਾਜ ਮੰਡੀਆਂ ਵਿਚ ਕਮਿਸ਼ਨ ਏਜੰਟਾਂ ਦੇ ਕਮਿਸ਼ਨ ਅਤੇ ਮਜ਼ਦੂਰਾਂ ਦੀਆਂ ਉਜ਼ਰਤਾਂ ਨੂੰ ਪੰਜਾਬ ਮੰਡੀ ਬੋਰਡ ਵਲੋਂ ਨਿਰਧਾਰਤ ਦਰ ਨਾਲ ਘਟਾ ਦਿੱਤਾ ਗਿਆ ਹੈ | ਕੇਂਦਰੀ ਭੰਡਾਰਨ ਲਈ ਕਮਿਸ਼ਨ 2.5 ਪ੍ਰਤੀਸ਼ਤ ਦੀ ਬਜਾਏ 46 ਰੁਪਏ ਦਿੱਤਾ ਜਾ ਰਿਹਾ ਹੈ ਤੇ 18 ਰੁਪਏ ਪ੍ਰਤੀ ਕੁਇੰਟਲ ਦੀ ਬਜਾਏ 14 ਰੁਪਏ ਦਿੱਤਾ ਜਾ ਰਿਹਾ ਹੈ | ਇਸ ਕਾਰਨ ਕਮਿਸ਼ਨ ਏਜੰਟਾਂ ਦੇ ਕਾਰੋਬਾਰ ਦਾ ਵਿਕਾਸ ਰੁਕ ਗਿਆ ਹੈ | ਵਧਦੀ ਮਹਿੰਗਾਈ ਵਿਚ ਜਿੱਥੇ ਹਰ ਕਿਸੇ ਦੀ ਆਮਦਨ ਵਧ ਰਹੀ ਹੈ, ਉੱਥੇ ਕਮਿਸ਼ਨ ਏਜੰਟਾਂ ਦੀ ਆਮਦਨ ਵੀ ਵੱਧਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਾਲ 2019 ਤੱਕ ਪੰਜਾਬ ਖੇਤੀਬਾੜੀ ਮੰਡੀਕਰਨ ਨੋਟੀਫ਼ਿਕੇਸ਼ਨ ਅਨੁਸਾਰ ਕੇਂਦਰ ਸਰਕਾਰ ਵਲੋਂ ਲਾਗਤ ਖ਼ਰਚੇ ਨਿਰਧਾਰਤ ਕੀਤੇ ਗਏ ਸਨ, ਪਰ ਸਾਲ 2020 ਤੋਂ ਪੰਜਾਬ ਖੇਤੀਬਾੜੀ ਐਕਟ ਤੋਂ ਬਾਹਰ ਜਾ ਕੇ ਕਮਿਸ਼ਨ ਏਜੰਟਾਂ ਦਾ ਕਮਿਸ਼ਨ 2.50 ਪ੍ਰਤੀਸ਼ਤ ਦੀ ਬਜਾਏ 46 ਰੁਪਏ ਨਿਰਧਾਰਤ ਕੀਤਾ ਗਿਆ ਹੈ ਅਤੇ ਮੰਡੀ ਮਜ਼ਦੂਰਾਂ ਦੀ ਉਜਰਤ 18 ਰੁਪਏ ਦੀ ਬਜਾਏ 14 ਰੁਪਏ ਕੀਤੀ ਗਈ ਹੈ, ਜੋ ਕਿ ਐਕਟ ਦੇ ਵਿਰੁੱਧ ਹੈ | ਰਾਇਸ ਮਿੱਲਾਂ ਅਤੇ ਕਿਸਾਨਾਂ ਬਾਰੇ ਬੋਲਦਿਆਂ ਧੀਰਜ ਕੁਮਾਰ ਦੱਦਾਹੂਰ ਨੇ ਕਿਹਾ ਕਿ ਮੈਂ ਤੁਹਾਡੇ ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ ਕਿ ਪੰਜਾਬ ਵਿਚ ਐਫ.ਸੀ.ਆਈ. ਅਤੇ ਰਾਜ ਏਜੰਸੀਆਂ ਦੇ ਸਾਰੇ ਗੋਦਾਮ ਬਹੁਤ ਘੱਟ ਆਵਾਜਾਈ ਅਤੇ ਰੇਲ ਲੋਡ ਕਾਰਨ ਚਾਵਲਾਂ ਨਾਲ ਭਰੇ ਹੋਏ ਹਨ | ਉਨ੍ਹਾਂ ਕਿਹਾ ਕਿ ਅਕਤੂਬਰ ਵਿਚ ਪੰਜਾਬ 'ਚ ਆਉਣ ਵਾਲੇ ਝੋਨੇ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਚਾਵਲਾਂ ਦੇ ਗੋਦਾਮਾਂ ਨੂੰ ਜਲਦੀ ਤੋਂ ਜਲਦੀ ਖ਼ਾਲੀ ਕੀਤਾ ਜਾਣਾ ਚਾਹੀਦਾ ਹੈ | ਤਾਂ ਜੋ ਆਉਣ ਵਾਲੀ ਝੋਨੇ ਦੀ ਫ਼ਸਲ ਨੂੰ ਸੰਭਾਲਿਆ ਜਾ ਸਕੇ | ਸ੍ਰੀ ਦੱਦਾਹੂਰ ਨੇ ਕਿਹਾ ਕਿ ਜ਼ਿਲ੍ਹਾ ਹੈੱਡਕੁਆਰਟਰ ਬਰਨਾਲਾ ਵਿਚ ਭਾਰਤੀ ਖ਼ੁਰਾਕ ਨਿਗਮ ਦਾ ਦਫ਼ਤਰ ਜਲਦੀ ਤੋਂ ਜਲਦੀ ਖੋਲਿ੍ਹਆ ਜਾਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਮੰਗਾਂ ਨੂੰ ਚੇਅਰਮੈਨ, ਸਕੱਤਰ ਅਤੇ ਪੂਰੇ ਸਦਨ ਦੁਆਰਾ ਪਾਸ ਕੀਤਾ ਗਿਆ ਅਤੇ ਸੈਨੇਟ ਸਰਕਾਰ ਨੂੰ ਭੇਜਿਆ ਗਿਆ |