27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਮੀਂਹ ਨਾ ਹੋਣ ਦੇ ਬਾਵਜੂਦ ਮੁੱਖ ਮਾਰਗ 'ਤੇ ਖੜ੍ਹਾ ਰਹਿੰਦਾ ਸਾਢੇ ਪੰਜ ਫੁੱਟ ਤੱਕ ਪਾਣੀ

ਮੁੱਖ ਮਾਰਗ 'ਤੇ ਮੀਂਹ ਨਾ ਹੋਣ ਦੇ ਬਾਵਜੂਦ ਸੜਕ 'ਤੇ ਖੜ੍ਹਾ ਸਾਢੇ ਪੰਜ ਫੁੱਟ ਤੱਕ ਪਾਣੀ ਆਪਣੀ ਤਰਾਸ਼ਦੀ ਬਿਆਨ ਕਰਦਾ ਹੋਇਆ | ਤਸਵੀਰ : ਜਤਿੰਦਰ ਸਿੰਘ ਧਨੌਲਾ <br/> 19-07-2025
ਧਨੌਲਾ, 18 ਜੁਲਾਈ (ਜਤਿੰਦਰ ਸਿੰਘ ਧਨੌਲਾ)-ਬਰਸਾਤ ਹੋਵੇ ਜਾਂ ਨਾ ਹੋਵੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਸੰਗਰੂਰ ਸਾਈਡ ਵੱਲ ਦੇ ਗੇਟ ਅੱਗੇ ਮੁੱਖ ਮਾਰਗ 'ਤੇ ਖੜੇ ਤਕਰੀਬਨ ਪੰਜ ਫੁੱਟ ਪਾਣੀ ਨੇ ਰਾਹਗੀਰਾਂ ਨੂੰ ਹਾਲੋਂ ਬੇਹਾਲ ਕਰ ਕੇ ਰੱਖ ਦਿੱਤਾ ਹੈ | ਜ਼ਿਕਰਯੋਗ ਹੈ ਕਿ ਕੁੱਝ ਘਰਾਂ ਦਾ ਪਾਣੀ ਨਿਕਾਸੀ ਨਾਲੇ ਬੰਦ ਹੋਣ ਕਰ ਕੇ ਮੁੱਖ ਮਾਰਗ 'ਤੇ ਆ ਖੜ੍ਹਦਾ ਹੈ | ਕੁੱਝ ਅਰਸਾ ਪਹਿਲਾਂ ਮਹਾਵੀਰ ਮੰਦਰ ਦਾ ਸੇਵਕ ਇਸ ਪਾਣੀ ਤੋਂ ਬਚਦਾ ਸੜਕ ਦੇ ਵਿਚਕਾਰ ਸਾਈਕਲ 'ਤੇ ਪੁੱਜ ਗਿਆ ਜਿਸ ਨੂੰ ਪਿੱਛੋਂ ਆ ਰਹੀ ਗੱਡੀ ਨੇ ਉੱਥੋਂ ਚੱਕ ਕੇ ਦਾਨਗੜ੍ਹ ਰੋਡ ਟੀ.ਪੁਆਇੰਟ ਤੱਕ ਘੜੀਸਿਆ ਤੇ ਜਾਨੋਂ ਮਾਰ ਦਿੱਤਾ | ਅਜਿਹੀ ਦਰਦਨਾਕ ਮੌਤ ਦੇ ਬਾਵਜੂਦ ਵੀ ਨਗਰ ਕੌਂਸਲ ਦੇ ਕੰਨ 'ਤੇ ਜੂੰਅ ਤੱਕ ਨਹੀਂ ਸਰਕੀ | ਇਕੱਤਰ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਸੱਤਾਧਾਰੀ ਧਿਰ ਦੇ ਅਗਵਾਈ ਕਰਦੇ ਹਰਿੰਦਰ ਸਿੰਘ ਧਾਲੀਵਾਲ ਦਫ਼ਤਰ ਨਗਰ ਕੌਂਸਲ ਧਨੌਲਾ ਆਏ ਤੇ ਕਰੀਬ ਪੰਜ ਕਰੋੜ ਰੁਪਏ ਦੇ ਕੰਮਾਂ ਨੂੰ ਹਰੀ ਝੰਡੀ ਦੇ ਕੇ ਚੱਲਦੇ ਬਣੇ, ਪਰ ਉਨ੍ਹਾਂ ਦੀ ਸੂਚੀ ਵਿਚ ਇਸ ਮੁੱਖ ਮਾਰਗ ਨੂੰ ਬਚਾਉਣ ਅਤੇ ਲੰਘਣ ਵਾਲੇ ਰਾਹਗੀਰਾਂ ਦੀ ਹਿਫ਼ਾਜ਼ਤ ਲਈ ਕੋਈ ਅੰਕੜਾ ਦਰਜ ਨਹੀਂ ਕੀਤਾ ਗਿਆ | ਮੰਡੀ ਨਿਵਾਸੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਦਰਦਨਾਕ ਮੌਤਾਂ ਹੋ ਜਾਣ ਦੇ ਬਾਵਜੂਦ ਵੀ ਹਾਲੇ ਸੱਤਾਧਾਰੀ ਧਿਰ ਦੇ ਨੁਮਾਇੰਦੇ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਹੋਰ ਕਿਸ ਕੁਲਹਿਣੀ ਘੜੀ ਦੀ ਉਡੀਕ ਕਰ ਰਹੇ ਹਨ | ਅਸਲ ਵਿਚ ਹੋ ਰਹੀਆਂ ਇਹ ਮੌਤਾਂ ਹਾਦਸੇ ਨਹੀਂ ਬਲਕਿ ਇਸ ਲਈ ਸੱਤਾਧਾਰੀ ਧਿਰ ਦੇ ਨੁਮਾਇੰਦੇ ਅਤੇ ਜ਼ਿਲ੍ਹਾ ਅਧਿਕਾਰੀਆਂ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਬਣਾਇਆ ਜਾਣਾ ਚਾਹੀਦਾ ਹੈ | ਸਰਕਾਰੀ ਹਾਈ ਸਕੂਲ ਦੇ ਸੰਗਰੂਰ ਵੱਲ ਦੇ ਗੇਟ ਤੋਂ ਲੈ ਕੇ ਸਟੇਟ ਬੈਂਕ ਆਫ਼ ਇੰਡੀਆ ਤੱਕ ਅਤੇ ਅੱਗੇ ਡਰੇਨ ਤੱਕ ਸੜਕ ਦੁਆਲੇ ਬਣਾਏ ਗਏ ਦੋ ਖੁੱਲੇ੍ਹ ਨਾਲੇ ਜਦ ਤੱਕ ਹੇਠਲੀ ਤਹਿ ਤੱਕ ਸਾਫ਼ ਨਹੀਂ ਕਰਵਾਏ ਜਾਂਦੇ ਤਦ ਤੱਕ ਇਹ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ | ਮੰਡੀ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਡਿਪਟੀ ਕਮਿਸ਼ਨਰ ਬਰਨਾਲਾ ਆਲੀਸ਼ਾਨ ਦਫ਼ਤਰ ਦੀ ਇਮਾਰਤ ਤੋਂ ਬਾਹਰ ਆ ਕੇ ਆਪਣੇ ਜ਼ਿਲੇ੍ਹ ਦੇ ਅਸਲ ਵਾਰਸ ਬਣਨ ਅਤੇ ਲੋਕ ਮਸਲੇ ਹੱਲ ਕਰਨ ਲਈ ਅੱਗੇ ਆਉਣ |
ਪਿਛਲੀ ਖ਼ਬਰ ਚੀਮਾ-ਜੋਧਪੁਰ ਕੱਟ ਮਾਮਲੇ 'ਚ ਦੋਵਾਂ ਪਿੰਡਾਂ ਦੇ ਪੰਚਾਇਤੀ ਆਗੂਆਂ ਨੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਸੌਂਪਿਆ ਮੰਗ... ਅਗਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਦਿੱਤਾ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।