ਬਰਨਾਲਾ, 18 ਜੁਲਾਈ (ਅਸ਼ੋਕ ਭਾਰਤੀ)-ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਬਰਨਾਲਾ ਵਲੋਂ ਜ਼ਿਲ੍ਹਾ ਪ੍ਰਧਾਨ ਹਰਿੰਦਰ ਮੱਲ੍ਹੀਆਂ, ਤੇਜਿੰਦਰ ਤੇਜੀ, ਅਮਰੀਕ ਸਿੰਘ ਭੱਦਲਵੱਡ, ਕਰਮਜੀਤ ਸਿੰਘ ਭੋਤਨਾ ਦੀ ਅਗਵਾਈ ਵਿਚ ਅਧਿਆਪਕਾਂ ਦੀਆਂ ਮੰਗਾਂ ਅਤੇ ਮਸਲਿਆਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਮੈਡਮ ਇੰਦੂ ਸਿਮਕ ਰਾਹੀਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਦੇ ਨਾਂਅ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਏਕਮਪ੍ਰੀਤ ਸਿੰਘ ਭੋਤਨਾ, ਵਿਕਾਸ ਕੁਮਾਰ, ਕਰਮਜੀਤ ਸਿੰਘ ਭੋਤਨਾ, ਰਮਨਦੀਪ ਸਿੰਘ, ਜਗਦੀਪ ਸਿੰਘ ਭੱਦਲਵੱਡ ਨੇ ਦੱਸਿਆ ਕਿ ਅਧਿਆਪਕਾਂ ਨੂੰ ਤਨਖ਼ਾਹਾਂ ਸਮੇਤ ਜੀ.ਪੀ ਫ਼ੰਡ ਐਡਵਾਂਸ ਅਤੇ ਹੋਰ ਬਿਲ ਮਹੀਨੇ ਦੀ ਇਕ ਤਰੀਕ ਨੂੰ ਹੀ ਜਾਰੀ ਕਰਨੇ ਯਕੀਨੀ ਬਣਾਉਣ, ਵੱਖ-ਵੱਖ ਭਰਤੀਆਂ ਅਤੇ ਅਧਿਆਪਕਾਂ ਦੇ ਹੱਕ 'ਚ ਹੋਏ ਫ਼ੈਸਲੇ ਨੂੰ ਜਰਨਲਾਈਜ ਕਰਨ, ਅਧਿਆਪਕਾਂ ਦੇ ਉਕਤ ਕੇਸਾਂ ਵਿਚ ਬਣਦੇ ਬਕਾਏ ਜਲਦ ਜਾਰੀ ਕੀਤੇ ਜਾਣ, ਰੀਕਾਸਟ ਲਿਸਟਾਂ ਜਿਵੇਂ ਕਿ 3704 ਤੇ 6635 ਤੁਰੰਤ ਰੱਦ ਕਰਨ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਗਠਨ ਵਿਚ ਸਿਆਸੀ ਦਖ਼ਲਅੰਦਾਜ਼ੀ ਬੰਦ ਕਰਨ, ਛੁੱਟੀਆਂ ਵਾਲੇ ਦਿਨਾਂ ਦੌਰਾਨ ਅਧਿਆਪਕਾਂ ਤੇ ਸਕੂਲ ਮੁਖੀਆਂ ਤੋਂ ਗੂਗਲ ਫਾਰਮ ਭਰਵਾਉਣੇ ਤੇ ਡਾਕ ਮੰਗਣੀ ਬੰਦ ਕਰਨ, ਈ.ਟੀ.ਟੀ., ਸੀ.ਐਂਡ ਵੀ. ਤੋਂ ਮਾਸਟਰ ਕੇਡਰ, ਮਾਸਟਰ ਕੇਡਰ ਤੋਂ ਲੈਕਚਰਾਰ ਤੇ ਮੁੱਖ ਅਧਿਆਪਕ ਅਤੇ ਵੱਖ-ਵੱਖ ਕਾਡਰਾਂ ਤੋਂ ਬਤੌਰ ਪਿ੍ੰਸੀਪਲ ਪ੍ਰਮੋਸ਼ਨਾਂ ਜਲਦ ਕਰਨ, ਇਸੇ ਤਰ੍ਹਾਂ ਨਾਨ ਟੀਚਿੰਗ ਅਸਾਮੀਆਂ ਭਰੀਆਂ ਜਾਣ ਤੇ ਪ੍ਰਾਇਮਰੀ ਸਕੂਲਾਂ ਵਿਚ ਸੈਂਟਰ ਪੱਧਰ 'ਤੇ ਡਾਟਾ ਐਂਟਰੀ ਆਪਰੇਟਰ ਦੀਆਂ ਅਸਾਮੀਆਂ ਦੇਣ, ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਦੇ ਵਿਚ ਦੋ ਕਲਰਕ ਦੀਆਂ ਅਸਾਮੀਆਂ ਦੇਣ, ਸਮੱਗਰਾ ਅਧੀਨ ਕੰਮ ਕਰਦੇ 59 ਐਸ.ਐਲ.ਏ ਅਤੇ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਕਰਨ ਅਤੇ ਕੰਮ ਕਰਦੇ 29 ਮੁੱਖ ਅਧਿਆਪਕਾਂ ਦੀਆਂ ਖ਼ਤਮ ਕੀਤੀਆਂ ਸੇਵਾ ਬਹਾਲ ਕਰਨ, ਕੰਪਿਊਟਰ ਅਧਿਆਪਕਾਂ, ਮੈਰੀਟੋਰੀਅਸ ਅਧਿਆਪਕਾਂ, ਐਸੋਸੀਏਟ ਅਧਿਆਪਕਾਂ, ਆਦਰਸ਼ ਮਾਡਲ ਸਕੂਲਾਂ ਦੇ ਅਧਿਆਪਕਾਂ ਤੇ ਐੱਨ. ਐੱਸ. ਕਿਊ. ਐੱਫ. ਅਧਿਆਪਕਾਂ ਨੂੰ ਤਨਖ਼ਾਹ ਸਕੇਲਾਂ ਦੇ ਘੇਰੇ ਵਿਚ ਲਿਆਉਣ, ਵੱਖ-ਵੱਖ ਕੇਡਰਾਂ ਵਿਚ ਭਰਤੀ ਹੋਏ ਅਧਿਆਪਕਾਂ ਤੇ ਪਦਉੱਨਤ ਕੀਤੇ ਗਏ ਲੈਕਚਰਾਰਾਂ ਨੂੰ ਬਦਲੀ ਦਾ ਵਿਸ਼ੇਸ਼ ਮੌਕਾ ਦੇਣ ਅਤੇ ਆਪਸੀ ਬਦਲੀ ਲਈ ਸਟੇਅ ਖ਼ਤਮ ਕਰਨ, 8886 ਰੈਗੂਲਰ ਹੋਏ ਅਧਿਆਪਕਾਂ ਨੂੰ ਸੀ.ਐੱਸ.ਆਰ. ਰੂਲ ਅਨੁਸਾਰ ਠੇਕਾ ਆਧਾਰਿਤ ਸੇਵਾਵਾਂ ਨੂੰ ਗਿਣਦੇ ਅਚਨਚੇਤ ਛੁੱਟੀਆਂ ਦਾ ਲਾਭ ਦੇਣ, ਬਦਲੀਆਂ ਪਾਰਦਰਸ਼ੀ ਢੰਗ ਨਾਲ ਕਰਨ, ਹੈੱਡ ਟੀਚਰਾਂ ਦੀਆਂ ਖਤਮ ਕੀਤੀਆਂ ਗਈਆਂ 1904 ਪੋਸਟਾਂ ਅਤੇ ਮਿਡਲ ਸਕੂਲਾਂ ਦੀਆਂ ਖ਼ਤਮ ਕੀਤੀਆਂ ਗਈਆਂ ਸਰੀਰਕ ਸਿੱਖਿਆ ਤੇ ਡਰਾਇੰਗ ਅਧਿਆਪਕਾਂ ਦੀਆਂ ਪੋਸਟਾਂ ਨੂੰ ਬਹਾਲ ਕਰਨ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਅਧਿਆਪਕ ਵਰਗ ਦੀਆਂ ਹੱਕੀ ਮੰਗਾਂ ਨੂੰ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਹਰਜਿੰਦਰ ਸਿੰਘ ਠੀਕਰੀਵਾਲਾ, ਸੁਖਪਾਲ ਸਿੰਘ ਸੇਖਾ, ਰਾਣਾ ਸਿੰਘ, ਗੁਰਗੀਤ ਸਿੰਘ ਠੀਕਰੀਵਾਲਾ, ਪਰਮਿੰਦਰ ਸਿੰਘ ਠੀਕਰੀਵਾਲਾ, ਸਤਿੰਦਰ ਸ਼ਰਮਾ ਤੇ ਜਗਜੀਤ ਸਿੰਘ ਗੁਰਮ ਆਦਿ ਹਾਜ਼ਰ ਸਨ |