ਸ਼ਹਿਣਾ, 17 ਜੁਲਾਈ (ਸੁਰੇਸ਼ ਗੋਗੀ)-ਹਲਕਾ ਭਦੌੜ ਤੋਂ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਅਤੇ ਮਹਿਲਾ ਕਾਂਗਰਸ ਪੰਜਾਬ ਦੀ ਵਾਇਸ ਪ੍ਰਧਾਨ ਬੀਬੀ ਮਲਕੀਤ ਕੌਰ ਸਹੋਤਾ ਨੇ ਦਿੱਲੀ ਵਿਖੇ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ ਕਾਂਗਰਸ ਪਾਰਟੀ ਦੇ ਰਾਜਿੰਦਰਪਾਲ ਚੇਅਰਮੈਨ ਐੱਸ. ਸੀ. ਵਿੰਗ ਨਾਲ ਮੁਲਾਕਾਤ ਕੀਤੀ | ਬੀਬੀ ਮਲਕੀਤ ਕੌਰ ਸਹੋਤਾ ਨੇ ਕਿਹਾ ਕਿ ਐੱਸ. ਸੀ. ਵਿੰਗ ਦੇ ਚੇਅਰਮੈਨ ਰਾਜਿੰਦਰਪਾਲ ਨੇ ਭਦੌੜ ਹਲਕੇ ਦੀ ਸਥਿਤੀ ਅਤੇ ਕਾਂਗਰਸ ਪਾਰਟੀ ਦੇ ਭਵਿੱਖ ਬਾਰੇ ਗੱਲਬਾਤ ਕੀਤੀ | ਉਨ੍ਹਾਂ ਕਿਹਾ ਕਿ ਚੇਅਰਮੈਨ ਨੂੰ ਦੱਸਿਆ ਗਿਆ ਕਿ ਭਦੌੜ ਰਿਜ਼ਰਵ ਹਲਕਾ ਹੋਣ ਕਰ ਕੇ ਐੱਸ. ਸੀ. ਭਾਈਚਾਰੇ ਦੀ ਵੋਟ ਬੈਂਕ ਵਧੇਰੇ ਹੈ ਅਤੇ ਹਲਕੇ ਵਿਚ ਕਾਂਗਰਸ ਪਾਰਟੀ ਦੇ ਸਮਰਥਕਾਂ ਦੀ ਕੋਈ ਘਾਟ ਨਹੀਂ, ਪਰ ਹਲਕੇ ਨੂੰ ਲੰਬੇ ਸਮੇਂ ਤੋਂ ਕੋਈ ਸਥਾਈ ਆਗੂ ਪਾਰਟੀ ਵਲੋਂ ਨਹੀਂ ਦਿੱਤਾ ਗਿਆ, ਜਿਸ ਕਾਰਨ ਪਾਰਟੀ ਵਰਕਰਾਂ ਵਿਚ ਨਿਰਾਸ਼ਾ ਹੈ | ਉਨ੍ਹਾਂ ਦੱਸਿਆ ਕਿ ਹਲਕੇ ਦੇ ਸਬੰਧ ਵਿਚ ਹੋਰ ਵੀ ਕਈ ਸਿਆਸੀ ਗੱਲਾਂ ਦਾ ਜ਼ਿਕਰ ਕੀਤਾ ਗਿਆ | ਇਸ ਮੌਕੇ ਹਰਮੇਸ਼ ਸਿੰਘ ਪੂਹਲਾ ਸੂਬਾ ਕੁਆਰਡੀਨੇਟਰ ਐੱਸ. ਸੀ. ਵਿੰਗ ਵੀ ਹਾਜ਼ਰ ਸਨ |