ਮਹਿਲ ਕਲਾਂ, 17 ਜੁਲਾਈ (ਤਰਸੇਮ ਸਿੰਘ ਗਹਿਲ)-ਹਲਕੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਿਤ ਮਨਰੇਗਾ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਵਿਧਾਨ ਸਭਾ ਸੈਸ਼ਨ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਦਿਖਾਇਆ ਗਿਆ | ਇਸ ਸਮੇਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਮਨਰੇਗਾ ਕਾਮਿਆਂ ਨੂੰ ਚੰਡੀਗੜ੍ਹ ਬੁਲਾ ਕੇ ਵਿਧਾਨ ਸਭਾ ਦਾ ਚੱਲਦਾ ਸੈਸ਼ਨ ਦਿਖਾਇਆ ਗਿਆ ਹੈ, ਜਿਸ ਨਾਲ ਮਨਰੇਗਾ ਕਾਮਿਆਂ ਦੇ ਮਨ ਵਿਚ ਕੰਮ ਕਰਨ ਦਾ ਹੌਸਲਾ ਵਧੇਗਾ | ਇਸ ਸਮੇਂ ਵਿਧਾਇਕ ਪੰਡੋਰੀ ਨੇ ਕਿਹਾ ਕਿ ਬੇਅਦਬੀ ਕਾਨੰੂਨ ਸਬੰਧੀ ਲੋਕ ਰਾਇ ਜਾਣਨ ਤੇ ਮਾਹਰਾਂ ਤੋਂ ਸੁਝਾਅ ਪ੍ਰਾਪਤ ਕਰਨ ਲਈ ਹਲਕੇ ਦੇ ਲੋਕਾਂ ਨਾਲ ਮਿਲਵਰਤਨ ਹੋਰ ਤੇਜ਼ ਕੀਤਾ ਜਾਵੇਗਾ, ਨਸ਼ਿਆਂ ਦੇ ਖ਼ਾਤਮੇ ਲਈ ਅਹਿਮ ਉਪਰਾਲੇ ਕੀਤੇ ਜਾਣਗੇ ਤੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਦਮਦਾਰ ਤਰੀਕੇ ਨਾਲ ਕੰਮ ਕੀਤਾ ਜਾਵੇਗਾ ਤੇ ਅਧੂਰੇ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਪੂਰਨ ਵਿਚ ਮੁੱਖ ਤਰਜੀਹ ਦਿੱਤੀ ਜਾਵੇਗੀ | ਇਸ ਸਮੇਂ ਸਥਾਨਕ ਸੁਪਰੀਮ ਕਾਨਵੈਂਟ ਸਕੂਲ ਮਹਿਲ ਕਲਾਂ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਸਹਿਜਾਦ ਕੁਮਾਰ ਨੇ ਕਿਹਾ ਕਿ ਸੈਸ਼ਨ ਵਿਚ ਉਨ੍ਹਾਂ ਬੇਅਦਬੀ ਕਾਨੂੰਨ 'ਤੇ ਹੋ ਰਹੀ ਬਹਿਸ ਨੂੰ ਦੇਖਿਆ ਤੇ ਸਕੂਲ ਦੇ ਹੋਰ ਵਿਦਿਆਰਥੀਆਂ ਨੂੰ ਵਿਧਾਨ ਸਭਾ ਵਿਚ ਹੁੰਦੇ ਕੰਮਕਾਰ ਤੋਂ ਵੀ ਜਾਣੂ ਕਰਵਾਇਆ ਜਾਵੇਗਾ | ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਅਮਨਦੀਪ ਸਿੰਘ ਮਹਿਲ ਕਲਾਂ, ਰਮਨਦੀਪ ਕੌਰ 'ਆਪ' ਆਗੂ ਮਹਿਲ ਕਲਾਂ ਆਦਿ ਹਾਜ਼ਰ ਸਨ |