15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਨਗਰ ਕੌਂਸਲ ਬਰਨਾਲਾ ਵਲੋਂ ਸ਼ਹਿਰ 'ਚ ਬਿਨਾਂ ਸੀਵਰੇਜ ਪਾਏ ਸੜਕਾਂ ਬਣਾ ਕੇ ਕੀਤੀ ਜਾ ਰਹੀ ਸਰਕਾਰੀ ਪੈਸੇ ਦੀ ਬਰਬਾਦੀ <br/>

ਅਜੀਤ ਡੈਸਕ 17-07-2025
ਬਰਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਨਗਰ ਕੌਂਸਲ ਬਰਨਾਲਾ ਵਲੋਂ ਜਿਸ ਢੰਗ ਨਾਲ ਸ਼ਹਿਰ ਵਿਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਉਸ ਤੋਂ ਜਾਪਦਾ ਹੈ ਕਿ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਰਕਾਰੀ ਪੈਸੇ ਦੀ ਕੋਈ ਪ੍ਰਵਾਹ ਨਹੀਂ ਹੈ | ਇਸੇ ਕਾਰਨ ਹੀ ਅਧਿਕਾਰੀਆਂ ਵਲੋਂ ਬਿਨਾਂ ਕਿਸੇ ਡਰ ਦੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਕੇ ਬਿਨਾਂ ਸੀਵਰੇਜ ਪਾਏ ਸ਼ਰੇਆਮ ਇੰਟਰਲਾਕ ਟਾਈਲਾਂ ਲਾ ਕੇ ਗਲੀਆਂ ਬਣਾਈਆਂ ਜਾ ਰਹੀਆਂ ਹਨ | ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਬਕਾਇਦਾ ਇਕ ਪੱਤਰ ਜਾਰੀ ਕਰ ਕੇ ਇਹ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਕੋਈ ਵੀ ਪ੍ਰੀਮਿਕਸ ਅਤੇ ਇੰਟਰਲਾਕ ਟਾਈਲਾਂ ਦੀ ਨਵੀਂ ਸੜਕ ਬਣਾਉਣ ਤੋਂ ਪਹਿਲਾਂ ਉਸ ਗਲੀ-ਮੁਹੱਲੇ ਜਾਂ ਖੇਤਰ ਵਿਚ ਸੀਵਰੇਜ ਤੇ ਵਾਟਰ ਸਪਲਾਈ ਦਾ ਪ੍ਰਬੰਧ ਹੋਣਾ ਜ਼ਰੂਰੀ ਹੈ ਤਾਂ ਜੋ ਸੜਕ ਬਣਾਉਣ ਤੋਂ ਬਾਅਦ ਸਰਕਾਰੀ ਪੈਸੇ ਦੀ ਬਰਬਾਦੀ ਨਾ ਹੋ ਸਕੇ, ਪਰ ਲੱਗਦਾ ਹੈ ਕਿ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀ ਸਰਕਾਰ ਦੀਆਂ ਅਜਿਹੀਆਂ ਹਦਾਇਤਾਂ ਨੂੰ ਨਜ਼ਰਅੰਦਾਜ਼ ਕਰ ਕੇ ਠੇਕੇਦਾਰਾਂ ਨੂੰ ਫ਼ਾਇਦਾ ਦੇਣ ਲਈ ਪੂਰੀ ਤਰ੍ਹਾਂ ਬੇਪ੍ਰਵਾਹ ਹੋ ਚੁੱਕੇ ਹਨ | ਅਜਿਹੀ ਹੀ ਇਕ ਤਸਵੀਰ ਸ਼ਹਿਰ ਦੇ ਵਾਰਡ ਨੰ:-25 ਵਿਚ ਕੁੱਝ ਮਹੀਨੇ ਪਹਿਲਾਂ ਨਗਰ ਕੌਂਸਲ ਵਲੋਂ ਕ੍ਰਿਕਟ ਸਟੇਡੀਅਮ ਦੇ ਨਜ਼ਦੀਕ ਬਣਾਈ ਗਈ ਇੰਟਰਲਾਕ ਟਾਈਲਾਂ ਵਾਲੀ ਗਲੀ ਵਿਚ ਦੇਖਣ ਨੂੰ ਮਿਲੀ | ਜਦੋਂ ਮੌਕੇ 'ਤੇ ਜਾ ਕੇ ਦੇਖਿਆ ਗਿਆ ਤਾਂ ਗਲੀ ਵਿਚ ਇੰਟਰਲਾਕ ਟਾਈਲਾਂ ਲਾਉਣ ਤੋਂ ਪਹਿਲਾਂ ਕੋਈ ਸੀਵਰੇਜ ਪਾਈਪ ਨਹੀਂ ਪਾਈ ਗਈ ਸੀ ਅਤੇ ਗਲੀ ਵਿਚ ਸਿਰਫ਼ ਇਕ ਘਰ ਬਣਿਆ ਹੋਇਆ ਹੈ | ਗਲੀ ਚੈਂਬਰ ਜ਼ਰੂਰ ਬਣਾਏ ਗਏ ਹਨ, ਪਰ ਚੈਂਬਰ ਭਰ ਜਾਣ ਤੋਂ ਬਾਅਦ ਪਾਣੀ ਦੀ ਨਿਕਾਸੀ ਦਾ ਕੋਈ ਠੋਸ ਪ੍ਰਬੰਧ ਨਹੀਂ ਕੀਤਾ ਗਿਆ | ਇਸ ਤੋਂ ਇਲਾਵਾ ਸਬੰਧਿਤ ਠੇਕੇਦਾਰ ਵਲੋਂ ਬਣਾਈ ਗਈ ਗਲੀ ਥਾਂ-ਥਾਂ ਤੋਂ ਪੂਰੀ ਤਰ੍ਹਾਂ ਦੱਬ ਚੁੱਕੀ ਹੈ ਅਤੇ ਦੋਵੇਂ ਪਾਸੇ ਟੋਏ ਬਣ ਚੁੱਕੇ ਹਨ, ਜਿਸ ਨਾਲ ਸੜਕ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਹੁੱਕੀ ਹੈ | ਜਿਸ ਤੋਂ ਸਾਫ਼ ਤੌਰ 'ਤੇ ਪਤਾ ਲੱਗਦਾ ਹੈ ਕਿ ਗਲੀ ਬਣਾਉਣ ਸਮੇਂ ਸਬੰਧਿਤ ਠੇਕੇਦਾਰ ਵਲੋਂ ਕਿਸ ਤਰ੍ਹਾਂ ਦਾ ਮੈਟੀਰੀਅਲ ਵਰਤਿਆ ਗਿਆ ਹੋਵੇਗਾ | ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਬਰਨਾਲਾ ਵਲੋਂ ਵਾਰਡ ਨੰ: 25 ਵਿਚ ਕ੍ਰਿਕਟ ਸਟੇਡੀਅਮ ਦੇ ਨੇੜੇ ਗਲੀਆਂ ਵਿਚ ਇੰਟਰਲਾਕ ਟਾਈਲਾਂ ਅਤੇ ਗਲੀ ਚੈਂਬਰ ਬਣਾਉਣ ਦੇ ਕੰਮ ਸਬੰਧੀ 9 ਲੱਖ ਰੁਪਏ ਦਾ ਟੈਂਡਰ ਲਗਾਇਆ ਗਿਆ ਸੀ | ਮਿਤੀ 25 ਸਤੰਬਰ 2024 ਨੂੰ ਇਸ ਕੰਮ ਦਾ ਵਰਕ ਆਰਡਰ ਗਰਗ ਕੰਨਸਟਕਰਸ਼ਨ ਨੂੰ ਜਾਰੀ ਕੀਤਾ ਗਿਆ ਸੀ | ਭਾਵੇਂਕਿ ਉਕਤ ਠੇਕੇਦਾਰ ਵਲੋਂ ਇਹ ਕੰਮ ਤਾਂ ਕਰ ਦਿੱਤਾ ਗਿਆ ਹੈ, ਪਰ ਸ਼ਾਇਦ ਕੰਮ ਤੋਂ ਬਾਅਦ ਨਗਰ ਕੌਂਸਲ ਅਧਿਕਾਰੀਆਂ ਨੇ ਮੁੜ ਉਸ ਗਲੀ ਵਿਚ ਜਾ ਕੇ ਕਦੇ ਹਾਲਤ ਨਹੀਂ ਦੇਖੀ, ਹੋ ਸਕਦਾ ਹੈ ਇਸ ਕੰਮ ਦੀ ਠੇਕੇਦਾਰ ਨੂੰ ਪੇਮੈਂਟ ਵੀ ਕਰ ਦਿੱਤੀ ਗਈ ਹੋਵੇ, ਪਰ ਸ਼ਹਿਰ ਵਾਸੀਆਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਸ਼ਹਿਰ ਬਰਨਾਲਾ ਵਿਚ ਹੋ ਰਹੇ ਘਟੀਆ ਕਿਸਮ ਦੇ ਕੰਮਾਂ ਅਤੇ ਸਰਕਾਰੀ ਪੈਸੇ ਦੀ ਹੋ ਰਹੀ ਬਰਬਾਦੀ ਸਬੰਧੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ |
ਪਹਿਲਾਂ ਵੀ ਉਕਤ ਠੇਕੇਦਾਰ ਦੁਆਰਾ ਘਟੀਆ ਮੈਟੀਰੀਅਲ ਵਰਤਣ ਦੇ ਮਾਮਲੇ ਆ ਚੁੱਕੇ ਨੇ ਸਾਹਮਣੇ
ਉਕਤ ਠੇਕੇਦਾਰ ਵਲੋਂ ਸ਼ਹਿਰ ਵਿਚ ਹੋਰ ਵੀ ਕਈ ਥਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਵਲੋਂ ਪਹਿਲਾਂ ਵੀ ਘਟੀਆ ਮੈਟੀਰੀਅਲ ਵਰਤਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਸੈਨੀਟੇਸ਼ਨ ਦਫ਼ਤਰ ਦੇ ਨਜ਼ਦੀਕ ਬਣਾਈ ਜਾ ਰਹੀ ਡਿਸਪੋਜ਼ਲ ਸਾਈਟ ਅਤੇ ਸਰਾਭਾ ਨਗਰ ਵਿਖੇ ਸੀਵਰੇਜ ਦੇ ਕੰਮ ਵਿਚ ਵਰਤਿਆ ਜਾ ਰਿਹਾ ਮਾੜੀ ਕੁਆਲਿਟੀ ਦਾ ਸੀਮਿੰਟ ਜ਼ਿਕਰਯੋਗ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਤੇ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ ਵਲੋਂ ਉਕਤ ਠੇਕੇਦਾਰ/ਫਰਮ ਉੱਪਰ ਕੋਈ ਵੀ ਕਾਰਵਾਈ ਕੀਤੀ ਗਈ ਸਾਹਮਣੇ ਨਹੀਂ ਆਈ | ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਦਿਨੀਂ ਨਗਰ ਕੌਂਸਲ ਵਲੋਂ ਕੱਢੇ ਗਏ ਟੈਂਡਰਾਂ ਵਿਚ ਉਕਤ ਠੇਕੇਦਾਰ ਨੂੰ ਮੁੜ ਕਰੋੜਾਂ ਰੁਪਏ ਦੇ ਕੰਮ ਹਾਸਲ ਹੋਏ ਹਨ, ਜਿਸ ਤੋਂ ਜਾਪਦਾ ਹੈ ਕਿ ਠੇਕੇਦਾਰ ਨੂੰ ਜਾਂ ਤਾਂ ਕੋਈ ਰਾਜਨੀਤਕ ਸਰਪ੍ਰਸਤੀ ਹਾਸਲ ਹੈ ਜਾਂ ਫਿਰ ਨਗਰ ਕੌਂਸਲ ਅਧਿਕਾਰੀਆਂ ਦੀ ਇਸ ਨਾਲ ਮਿਲੀਭੁਗਤ ਹੈ | ਠੇਕੇਦਾਰਾਂ ਨੂੰ ਪੇਮੈਂਟ ਕਰਨ ਤੋਂ ਪਹਿਲਾਂ ਕੰਮਾਂ ਦੇ ਸੈਂਪਲ ਪੀ.ਡਬਲਿਊ.ਡੀ. ਵਿਭਾਗ ਤੋਂ ਟੈਸਟ ਕਰਵਾਏ ਜਾਣ ਦੀਆਂ ਹਦਾਇਤਾਂ ਹਨ | ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਸੜਕਾਂ/ਗਲੀਆਂ ਦੇ ਕੰਮਾਂ ਦੀ ਕੁਆਲਿਟੀ ਸੁਧਾਰਨ ਲਈ ਸਮੂਹ ਨਗਰ ਕੌਂਸਲਾਂ ਅਤੇ ਨਗਰ ਸੁਧਾਰ ਟਰੱਸਟਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਕੀਤੇ ਗਏ ਕੰਮ ਸਬੰਧੀ ਠੇਕੇਦਾਰ/ਏਜੰਸੀ ਨੂੰ ਅਦਾਇਗੀ ਕਰਨ ਤੋਂ ਪਹਿਲਾਂ ਸਬੰਧਿਤ ਕੰਮਾਂ ਦੇ ਸੈਂਪਲ ਪੀ. ਡਬਲਿਊ. ਡੀ. (ਬੀ. ਐਂਡ. ਆਰ) ਵਿਭਾਗ ਤੋਂ ਟੈੱਸਟ ਕਰਵਾਏ ਜਾਣ ਅਤੇ ਜੇਕਰ ਟੈਸਟ ਰਿਪੋਰਟ ਠੀਕ ਪਾਈ ਜਾਂਦੀ ਹੈ ਤਾਂ ਤਦ ਹੀ ਭੁਗਤਾਨ ਕੀਤਾ ਜਾਵੇ | ਪਰ ਇਹ ਜਾਂਚ ਦਾ ਵਿਸ਼ਾ ਹੈ ਕਿ ਨਗਰ ਕੌਂਸਲ ਬਰਨਾਲਾ ਵਲੋਂ ਸ਼ਹਿਰ ਵਿਚ ਕਰਵਾਏ ਜਾਂਦੇ ਕੰਮਾਂ ਦੇ ਸੈਂਪਲ ਪੀ.ਡਬਲਿਊ.ਡੀ. (ਬੀ.ਐਂਡ ਆਰ.) ਵਿਭਾਗ ਤੋਂ ਕਦੇ ਟੈਸਟ ਕਰਵਾਏ ਗਏ ਹਨ ਜਾਂ ਨਹੀਂ |

ਪਿਛਲੀ ਖ਼ਬਰ ਕੇਦਾਰਨਾਥ ਧਾਮ 'ਚ ਭਗਵਾਨ ਸ਼ਿਵ ਦੇ ਦਰਸ਼ਨ ਕਰ ਕੇ ਮਨੁੱਖ ਨੂੰ ਪਾਪਾਂ ਤੋਂ ਮੁਕਤੀ ਮਿਲਦੀ ਹੈ-ਕਾਂਵੜੀਏ <br/> ਅਗਲੀ ਖ਼ਬਰ ਡਰਾਈਵਿੰਗ ਲਾਇਸੈਂਸ ਤੇ ਵਾਹਨ ਰਜਿਸਟਰੇਸ਼ਨ ਅਤੇ ਮਾਲ ਵਿਭਾਗ ਨਾਲ ਸਬੰਧਿਤ ਸੇਵਾਵਾਂ ਸੇਵਾ ਕੇਂਦਰਾਂ 'ਚ ਮਿਲਣਗੀਆਂ-ਡੀ. ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।