ਮਹਿਲ ਕਲਾਂ, 15 ਜੁਲਾਈ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਪਿੰਡ ਵਜੀਦਕੇ ਖ਼ੁਰਦ ਨੇੜੇ ਕੁਰੜ ਰਜਵਾਹੇ 'ਚ 50 ਫੁੱਟ ਚੌੜਾ ਪਾੜ ਪੈ ਜਾਣ ਕਾਰਨ ਪਿੰਡ ਵਜੀਦਕੇ ਖੁਰਦ ਦੇ ਕਿਸਾਨਾਂ ਦੀ 100 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਇਕਦਮ ਜ਼ਿਆਦਾ ਪਾਣੀ ਭਰ ਜਾਣ ਨਾਲ ਪ੍ਰਭਾਵਿਤ ਹੋਣ ਦਾ ਡਰ ਬਣਿਆ ਹੋਇਆ ਹੈ | ਇਸ ਮੌਕੇ ਇਕੱਠੇ ਹੋਏ ਕਿਸਾਨਾਂ ਨੇ ਰਾਜ ਸਰਕਾਰ ਤੇ ਸੰਬੰਧਿਤ ਮਹਿਕਮੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਉਨ੍ਹਾਂ ਪ੍ਰਭਾਵਿਤ ਫ਼ਸਲਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਅਤੇ ਰਜਵਾਹੇ ਨੂੰ ਨਵੇਂ ਸਿਰੇ ਤੋਂ ਪੱਕਾ ਬਣਾਉਣ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਵਜੀਦਕੇ ਖ਼ੁਰਦ ਨਾਲ ਸਬੰਧਿਤ ਕਿਸਾਨ ਜਗਸੀਰ ਸਿੰਘ, ਸੁਖਦੇਵ ਸਿੰਘ ਠੱਕਰਵਾਲੀਏ, ਪ੍ਰਗਟ ਸਿੰਘ, ਅਵਤਾਰ ਸਿੰਘ, ਅਜਾਇਬ ਸਿੰਘ, ਸਰਬਜੀਤ ਸਿੰਘ, ਮੰਦਰ ਸਿੰਘ, ਕਰਨੈਲ ਸਿੰਘ, ਰਣਜੀਤ ਸਿੰਘ, ਹਰਦੀਪ ਸਿੰਘ, ਊਧਮ ਸਿੰਘ, ਗੁਰਮੁਖ ਸਿੰਘ, ਨਰਿੰਦਰ ਸਿੰਘ, ਗੁਰਜੰਟ ਸਿੰਘ ਤੇ ਹੋਰ ਕਈ ਕਿਸਾਨਾਂ ਦੀ ਫ਼ਸਲ ਰਜਵਾਹੇ ਦੇ ਤੇਜ਼ ਵਹਾਅ ਵਾਲੇ ਪਾਣੀ ਵਿਚ ਡੁੱਬ ਗਈ ਹੈ | ਪੀੜਤ ਕਿਸਾਨਾਂ ਨੇ ਦੱਸਿਆ ਕਿ ਬਠਿੰਡਾ ਬਰਾਂਚ ਨਹਿਰ ਤੋਂ ਨਿਕਲਦਾ ਇਹ ਰਜਵਾਹਾ ਪਿਛਲੇ ਕਈ ਸਾਲਾਂ ਤੋਂ ਖਸਤਾ ਹਾਲਤ 'ਚ ਹੋਣ ਕਰ ਕੇ ਹਰ ਸਾਲ ਇਸ ਵਿਚ ਪਾੜ ਪੈ ਜਾਂਦੇ ਹਨ, ਜਿਸ ਨਾਲ ਪੀੜਤ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਦਾ ਹੈ | ਪਤਾ ਲੱਗਦਿਆਂ ਹੀ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਰਿਪੋਰਟ ਤਿਆਰ ਕਰ ਕੇ ਐਸ.ਡੀ.ਐਮ. ਮਹਿਲ ਕਲਾਂ ਨੂੰ ਭੇਜੀ ਗਈ ਹੈ | ਇਸ ਮੌਕੇ ਪਹੁੰਚੇ ਐੱਸ. ਡੀ. ਓ. ਨਹਿਰੀ ਵਿਭਾਗ ਨੇ ਦੱਸਿਆ ਕਿ ਕੁਰੜ ਮਾਈਨਰ 'ਚ ਪਾੜ ਵਾਲੀ ਥਾਂ ਨੂੰ ਮਿੱਟੀ ਨਾਲ ਪੂਰਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰਵਾ ਦਿੱਤਾ ਹੈ, ਜਿਸ ਨੂੰ ਛੇਤੀ ਪੂਰਾ ਕਰ ਲਿਆ ਜਾਵੇਗਾ | ਇਸ ਰਜਵਾਹੇ ਦੀ ਮੁੜ ਤਾਮੀਰ ਲਈ ਪ੍ਰੋਜੈਕਟ ਤਿਆਰ ਕਰ ਕੇ ਸਰਕਾਰ ਨੂੰ ਭੇਜਿਆ ਗਿਆ ਹੈ ਅਗਲੇ ਸੀਜ਼ਨ ਤੱਕ ਕੰਕਰੀਟ ਰਜਵਾਹਾ ਤਿਆਰ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ |