26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕੌਂਸਲ ਦੀ ਨਵੀਂ ਵਾਰਡਬੰਦੀ ਦਾ ਨਕਸ਼ਾ ਲਾ ਕੇ ਹਟਾਉਣ ਦਾ ਕਾਂਗਰਸੀ ਅਤੇ ਅਕਾਲੀ ਨੇਤਾਵਾਂ ਵਲੋਂ ਵਿਰੋਧ

ਅਜੀਤ ਡੈਸਕ 27-12-2025
ਖੰਨਾ, 26 ਦਸੰਬਰ (ਹਰਜਿੰਦਰ ਸਿੰਘ ਲਾਲ)-ਕਈ ਦਿਨਾਂ ਤੋਂ ਬਹੁਤ ਚਰਚਿਤ ਨਗਰ ਕੌਂਸਲ ਖੰਨਾ ਦੀ ਵਾਰਡਬੰਦੀ ਨੂੰ ਲੈ ਕੇ ਆਪ ਦੇ ਖ਼ਿਲਾਫ਼ ਕਾਂਗਰਸ ਤੇ ਅਕਾਲੀ ਦਲ ਦੋਵੇਂ ਹੀ ਗੰਭੀਰ ਇਲਜ਼ਾਮ ਲਗਾ ਰਹੇ ਸਨ ਕਿ ਚੁੱਪ ਚੁਪੀਤੇ ਚੋਰੀ-ਚੋਰੀ ਵਾਰਡਬੰਦੀ ਕੀਤੀ ਜਾ ਰਹੀ ਹੈ, ਨਵੀਂ ਵਾਰਡਬੰਦੀ ਦਾ ਨਕਸ਼ਾ ਨਹੀਂ ਲਗਾਇਆ ਜਾ ਰਿਹਾ | ਇਸ ਦਰਮਿਆਨ ਅੱਜ ਸ਼ਾਮ ਕਰੀਬ 5.30 ਵਜੇ ਨਗਰ ਕੌਂਸਲ ਖੰਨਾ ਵਿਚ ਨਵੀਂ ਵਾਰਡਬੰਦੀ ਦਾ ਨਕਸ਼ਾ ਲਗਾਇਆ ਗਿਆ, ਜਿਸ ਨੂੰ ਦੇਖਣ ਲਈ ਕੌਂਸਲਰਾਂ ਅਤੇ ਸਿਆਸੀ ਜਮਾਤ ਦੇ ਲੋਕਾਂ ਦੀ ਭੀੜ ਲੱਗ ਗਈ | ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਨਕਸ਼ੇ 'ਤੇ ਇਤਰਾਜ਼ ਜਤਾਉਣੇ ਸ਼ੁਰੂ ਕਰ ਦਿੱਤੇ | ਲੋਕ ਅਜੇ ਨਕਸ਼ਾ ਦੇਖ ਹੀ ਰਹੇ ਸਨ, ਅੱਧੇ ਘੰਟੇ ਬਾਅਦ ਹੀ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਉੱਭੀ ਆਪਣੀ ਟੀਮ ਸਮੇਤ ਆਏ ਤੇ ਨਕਸ਼ਾ ਉਤਾਰ ਲਿਆ ਗਿਆ | ਜਿਸ ਤੋਂ ਬਾਅਦ ਕਾਫੀ ਹੰਗਾਮਾ ਸ਼ੁਰੂ ਹੋ ਗਿਆ ਅਤੇ ਦੋਸ਼ ਲਾਇਆ ਗਿਆ ਕਿ ਨਕਸ਼ਾ ਇੱਕ ਹਫ਼ਤੇ ਲਈ ਲਗਾਇਆ ਜਾਂਦਾ ਹੈ | ਪਰ ਇਹ ਅੱਧ ਪੌਣੇ ਘੰਟੇ ਵਾਸਤੇ ਹੀ ਲਗਾਇਆ ਗਿਆ ਹੈ | ਇਹ ਲੋਕਤੰਤਰ ਦਾ ਘਾਣ ਹੈ, ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ |
ਲੋਕਤੰਤਰ ਦਾ ਕੀਤਾ ਜਾ ਰਿਹਾ ਘਾਣ-ਯਾਦੂ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ | ਨਵੀਂ ਵਾਰਡਬੰਦੀ ਦਾ ਨਕਸ਼ਾ ਅੱਧ ਪੌਣੇ ਘੰਟੇ ਲਈ ਹੀ ਲਗਾਇਆ ਗਿਆ ਅਤੇ ਬਾਅਦ ਵਿਚ ਲਾਹ ਲਿਆ ਗਿਆ | ਸਾਨੂੰ ਨਹੀਂ ਪਤਾ ਕਿ ਇਹ ਨਕਸ਼ਾ ਵੀ ਅਸਲੀ ਹੈ ਜਾਂ ਅਸਲ ਵਿਚ ਦਿਖਾਉਣ ਲਈ ਹੀ ਕੋਈ ਨਕਲੀ ਨਕਸ਼ਾ ਲਗਾ ਦਿੱਤਾ ਗਿਆ ਕਿਉਂਕਿ ਜੇਕਰ ਇਹੀ ਨਕਸ਼ਾ ਅਸਲੀ ਹੈ ਤਾਂ ਇਸ ਨੂੰ ਉਤਾਰਨ ਦੀ ਕੀ ਜ਼ਰੂਰਤ ਸੀ? ਇਸ ਨੂੰ ਹਫ਼ਤਾ ਭਰ ਲਗਾਇਆ ਜਾਣਾ ਚਾਹੀਦਾ ਸੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਸਲ ਵਿਚ ਹਾਰ ਮੰਨ ਚੁੱਕੀ ਹੈ ਕਿਉਂਕਿ ਜੇਕਰ ਉਸ ਨੂੰ ਹਾਰ ਦਾ ਡਰ ਨਹੀਂ ਤਾਂ ਅਜਿਹੀਆਂ ਕਾਰਵਾਈ ਨਹੀਂ ਕਰਦੀ |
ਲੋਕਤੰਤਰ ਲੀਰੋਂ ਲੀਰ ਕੀਤਾ- ਗੁਰਕੀਰਤ
ਸਾਬਕਾ ਮੰਤਰੀ ਗੁਰਕੀਰਤ ਸਿੰਘ ਨੇ ਨਵੀਂ ਵਾਰਡਬੰਦੀ ਦਾ ਨਕਸ਼ਾ ਸਿਰਫ਼ 1 ਘੰਟੇ ਤੋਂ ਵੀ ਘੱਟ ਸਮਾਂ ਲਗਾਉਣ ਅਤੇ ਉਹ ਵੀ ਦਫ਼ਤਰ ਬੰਦ ਹੋਣ ਦੇ ਸਮੇਂ ਤੋਂ ਬਾਅਦ ਲਗਾਉਣ ਨੂੰ ਤਿੱਖੇ ਸ਼ਬਦਾਂ ਵਿਚ ਨਿੰਦਿਆ ਅਤੇ ਕਿਹਾ ਕਿ ਲੋਕਤੰਤਰ ਲੀਰੋਂ ਲੀਰ ਕੀਤਾ ਜਾ ਰਿਹਾ ਹੈ | ਆਮ ਆਦਮੀ ਪਾਰਟੀ ਨਵੀਂ ਵਾਰਡਬੰਦੀ ਨੂੰ ਲੁਕੋਣਾ ਕਿਉਂ ਚਾਹੁੰਦੀ ਹੈ ਇਹ ਲੋਕ ਆਪ ਹੀ ਸਮਝ ਲੈਣ | ਉਨ੍ਹਾਂ ਕਿਹਾ ਕਿ ਖੰਨਾ ਨਗਰ ਕੌਂਸਲ ਦੀਆਂ ਚੋਣਾਂ ਵਿਚ ਕਾਂਗਰਸ ਦੀ ਜਿੱਤ ਯਕੀਨੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਗੁਰਮੀਤ ਸਿੰਘ ਨਾਗਪਾਲ, ਅਮਰੀਸ਼ ਕਾਲੀਆ ਅਤੇ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ, ਜਿਨ੍ਹਾਂ ਨੇ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ |
ਪਿਛਲੀ ਖ਼ਬਰ ਹਾਈਵੇ 'ਤੇ ਖੜ੍ਹੇ ਟਰੱਕ ਨਾਲ ਮੋਟਰਸਾਈਕਲ ਦੀ ਟੱਕਰ, 1 ਨੌਜਵਾਨ ਦੀ ਮੌਤ, 2 ਜ਼ਖ਼ਮੀ ਅਗਲੀ ਖ਼ਬਰ ਸੜਕ ਹਾਦਸੇ ਵਿਚ ਇੱਕ ਦੀ ਮੌਤ, ਇੱਕ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।