26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਆਪ, ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਵਿਚਕਾਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੀਲੋਂ ਕਲਾਂ ਤੋਂ ਮੁਕਾਬਲਾ ਚਾਰਕੋਨਾ ਭਾਜਪਾ ਲੜ ਰਹੀ ਹੈ ਪਹਿਲੀ ਵਾਰ ਪੇਂਡੂ ਚੋਣਾਂ

ਅਜੀਤ ਡੈਸਕ 10-12-2025
ਮਾਛੀਵਾੜਾ ਸਾਹਿਬ, 9 ਦਸੰਬਰ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ, ਜਿਸ ਵਿਚ ਉਮੀਦਵਾਰ ਆਪੋ-ਆਪਣੇ ਜ਼ੋਨਾਂ ਦੇ ਵੋਟਰਾਂ ਨਾਲ ਮੀਟਿੰਗਾਂ ਕਰਕੇ ਮੈਦਾਨ ਨੂੰ ਭਖਾ ਰਹੇ ਹਨ | ਇਸੇ ਤਰ੍ਹਾਂ ਗੱਲ ਕਰੀਏ ਹਲਕਾ ਸਮਰਾਲਾ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੀਲੋਂ ਕਲਾਂ ਤੋਂ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਾ ਹੈ | ਇਸ ਵਿਚ ਵੱਖ-ਵੱਖ ਪਾਰਟੀਆਂ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾਉਣ ਲੱਗੀਆਂ ਹੋਈਆਂ ਹਨ, ਜਿਸ ਕਾਰਨ ਮੁਕਾਬਲਾ ਚਾਰਕੋਨਾ ਹੁੰਦਾ ਨਜ਼ਰ ਆ ਰਿਹਾ ਹੈ | ਗੱਲ ਕਰੀਏ ਤਾਂ ਇੱਥੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸਰਪੰਚ ਭੁਪਿੰਦਰ ਸਿੰਘ ਰਾਠੌਰ ਦੀ ਚੋਣ ਮੁਹਿੰਮ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਪੂਰੀ ਤਰ੍ਹਾਂ ਭਖਾ ਦਿੱਤਾ ਹੈ | ਮਾਛੀਵਾੜਾ ਅਤੇ ਆਸਪਾਸ ਦੇ ਇਲਾਕਿਆਂ ਵਿਚ ਸਰਪੰਚ ਭੁਪਿੰਦਰ ਸਿੰਘ ਰਾਠੌਰ ਰਾਜਪੂਤ ਭਾਈਚਾਰੇ ਨਾਲ ਸਬੰਧਿਤ ਹਨ, ਜਿਨ੍ਹਾਂ ਨੂੰ ਭਾਈਚਾਰੇ ਵਲੋਂ ਭਰਵਾਂ ਸਮਰਥਨ ਵੀ ਮਿਲ ਰਿਹਾ ਹੈ | ਭੁਪਿੰਦਰ ਸਿੰਘ ਰਾਠੌਰ ਜਿੱਥੇ ਪਿੰਡ ਸੈਂਸੋਵਾਲ ਕਲਾਂ ਦੇ ਸਰਪੰਚ ਹਨ ਅਤੇ ਇਕ ਵਾਰ ਪਹਿਲਾਂ ਵੀ ਸੰਮਤੀ ਨਾਲ ਸਰਪੰਚ ਰਹਿ ਚੁੱਕੇ ਹਨ | ਇਸ ਜ਼ੋਨ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜੋਤ ਸਿੰਘ ਮਾਂਗਟ ਵੀ ਇੱਕ ਸੂਝਵਾਨ ਤੇ ਨੌਜਵਾਨ ਆਗੂ ਹਨ ਜੋ ਬਲਾਕ ਸੰਮਤੀ ਮੈਂਬਰ ਰਹਿ ਚੁੱਕੇ ਹਨ | ਅਕਾਲੀ ਦਲ ਦੇ ਖੰਨਾ ਜ਼ਿਲ੍ਹਾ ਦੇ ਪ੍ਰਧਾਨ ਤੇ ਹਲਕਾ ਸਮਰਾਲਾ ਤੋਂ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਵੀ ਹਰਜੋਤ ਸਿੰਘ ਮਾਂਗਟ ਨੂੰ ਜਿਤਾਉਣ ਲਈ ਪੱਬਾਂ ਭਾਰ ਦਿਖਾਈ ਦੇ ਰਹੇ ਹਨ | ਕਾਂਗਰਸ ਦੀ ਗੱਲ ਕਰੀਏ ਤਾਂ ਇੱਥੋਂ ਉਨ੍ਹਾਂ ਨੇ ਸੁਖਦੀਪ ਸਿੰਘ ਬਾਜਵਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਜੋ ਕਿ ਸਾਬਕਾ ਸਰਪੰਚ ਹਨ | ਪਿਛਲੀ ਜ਼ਿਲ੍ਹਾ ਪਰਿਸ਼ਦ ਚੋਣ ਵਿਚ ਕਾਂਗਰਸ ਇੱਥੋਂ ਭਾਰੀ ਬਹੁਮਤ ਨਾਲ ਜੇਤੂ ਰਹੀ ਸੀ ਅਤੇ ਹੁਣ ਵੀ ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਪਾਰਟੀ ਉਮੀਦਵਾਰ ਨੂੰ ਜਿਤਾਉਣ ਲਈ ਇਹ ਚੋਣ ਬੜੇ ਯੋਜਨਾਬੱਧ ਤਰੀਕੇ ਨਾਲ ਲੜ ਰਹੇ ਹਨ | ਭਾਜਪਾ ਦੀ ਗੱਲ ਕਰੀਏ ਤਾਂ ਪਿੰਡਾਂ ਵਿਚ ਉਸ ਨੇ ਸ਼ੋ੍ਰਮਣੀ ਅਕਾਲੀ ਦਲ ਨਾਲੋਂ ਅਲੱਗ ਹੋਣ ਤੋਂ ਬਾਅਦ ਨਵੀਂ ਭਰਤੀ ਕਰ ਆਪਣਾ ਜਥੇਬੰਦਕ ਢਾਂਚਾ ਖੜਾ ਕੀਤਾ ਹੈ ਜਿਸ ਦਾ ਲਾਭ ਉਸ ਨੂੰ ਹੁਣ ਇਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਮਿਲ ਸਕਦਾ ਹੈ | ਭਾਜਪਾ ਵਲੋਂ ਸੁਖਵਿੰਦਰ ਲਾਲ ਸੁੱਖੀ ਸ਼ਰਮਾ ਨੂੰ ਪਹਿਲੀ ਵਾਰ ਪੇਂਡੂ ਚੋਣ ਵਿਚ ਉਤਾਰਿਆ ਹੈ ਅਤੇ ਜਦੋਂ ਨਤੀਜੇ ਆਉਣਗੇ ਤਾਂ ਉਸ ਨੂੰ ਇਹ ਜ਼ਰੂਰ ਪਤਾ ਲੱਗ ਜਾਵੇਗਾ ਕਿ ਕਿਹੜੇ ਪਿੰਡ ਵਿਚ ਉਸਦੀ ਕਿੰਨੀ ਵੋਟ ਹੈ | ਸੁਖਵਿੰਦਰ ਸਿੰਘ ਲਾਲ ਸੁੱਖੀ ਸ਼ਰਮਾ ਜੋ ਕਿ ਵਧੀਆ ਕਾਰੋਬਾਰੀ ਹਨ ਜਿਨ੍ਹਾਂ ਦੇ ਆਸਪਾਸ ਇਲਾਕਿਆਂ ਵਿਚ ਪੂਰੀ ਪੈਂਠ ਹੈ | ਉਹ ਬਹੁਤ ਹੀ ਸਾਊ ਤੇ ਨਿੱਘੇ ਸੁਭਾਅ ਦੇ ਹੋਣ ਕਾਰਨ ਲੋਕ ਉਨ੍ਹਾਂ ਨੂੰ ਕਾਫੀ ਪਿੰਡਾਂ ਵਿਚ ਸਮਰਥਨ ਦੇ ਰਹੇ ਹਨ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੀਲੋਂ ਕਲਾਂ ਅਧੀਨ 90 ਪਿੰਡ ਪੈਂਦੇ ਹਨ ਅਤੇ ਹਜ਼ਾਰਾਂ ਵੋਟਰਾਂ ਦੀਆਂ ਨਜ਼ਰਾਂ ਇਸ ਚੋਣ 'ਤੇ ਹੈ ਕਿ ਇਸ ਚਾਰਕੋਨੇ ਮੁਕਾਬਲੇ ਵਿਚ ਕਿਹੜਾ ਬਾਜ਼ੀ ਮਾਰੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |
ਪਿਛਲੀ ਖ਼ਬਰ ਸੰਮਤੀ ਜ਼ੋਨ ਭੋਲਾਪੁਰ 'ਚ ਬੀਬੀ ਗਰੇਵਾਲ ਨੂੰ ਜਿਤਾਉਣ ਦੀ ਕੀਤੀ ਅਪੀਲ ਅਗਲੀ ਖ਼ਬਰ ਰਾਜਾ ਗਿੱਲ ਵਲੋਂ ਉਮੀਦਵਾਰਾਂ ਦੇ ਹੱਕ ਵਿਚ ਵੱਖ-ਵੱਖ ਪਿੰਡਾਂ 'ਚ ਚੋਣ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।