ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਇਕ ਹਜ਼ਾਰ ਦੇ ਲਗਭਗ ਸਕੂਲ ਮੁਖੀਆਂ ਦੀਆਂ ਨੌਕਰੀਆਂ ਖਾਲੀ ਹਨ | ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਅਹੁਦੇਦਾਰ ਲੰਮੇ ਸਮੇਂ ਤੋ ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਡੀ. ਪੀ. ਆਈ ਸੈਕੰਡਰੀ ਪੰਜਾਬ ਨੂੰ ਮਿਲ ਕੇ ਲੈਕਚਰਾਰ ਦੀਆਂ ਬਤੌਰ ਪਿ੍ੰਸੀਪਲ ਤਰੱਕੀ ਲਈ ਵਾਰ ਵਾਰ ਮਿਲ ਰਹੇ ਸਨ | ਜਥੇਬੰਦੀ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਨੇ ਦੱਸਿਆ ਕਿ 30-30 ਸਾਲ ਤੋਂ ਸੇਵਾ ਕਰ ਰਹੇ ਲੈਕਚਰਾਰ ਬਿਨਾਂ ਤਰੱਕੀ ਸੇਵਾ ਮੁਕਤ ਹੈ ਰਹੇ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥੀ ਅਤੇ ਮਾਪੇ ਲੰਮੇ ਸਮੇਂ ਤੋਂ ਸਕੂਲ ਮੁਖੀਆਂ ਨੂੰ ਉਡੀਕ ਰਹੇ ਹਨ | ਲੱਗਦਾ ਹੈ, ਉਨ੍ਹਾਂ ਦੀ ਉਡੀਕ ਛੇਤੀ ਖ਼ਤਮ ਹੋਣ ਜਾ ਰਹੀ ਹੈ | ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲ ਮੁਖੀਆਂ ਦੀਆਂ ਪੋਸਟਾਂ ਛੇਤੀ ਭਰੀਆਂ ਜਾਣ | ਤਰੱਕੀਆਂ ਸੰਬੰਧੀ ਕਾਰਵਾਈ ਸ਼ੁਰੂ ਕਰਨ ਲਈ ਮਾਨਯੋਗ ਸਿੱਖਿਆਂ ਮੰਤਰੀ ਹਰਜੋਤ ਸਿੰਘ ਬੈਂਸ, ਸਿੱਖਿਆਂ ਸਕੱਤਰ ਅਨਿੰਦਿਤਾ ਮਿਤਰਾ ਅਤੇ ਡੀ. ਪੀ. ਆਈ ਸਾਹਿਬ ਦਾ ਧੰਨਵਾਦ ਕੀਤਾ ਹੈ | ਇਸ ਮੌਕੇ ਅਮਨ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਰਵਿੰਦਰਪਾਲ ਸਿੰਘ ਸਕੱਤਰ ਜਨਰਲ, ਬਲਰਾਜ ਸਿੰਘ ਬਾਜਵਾ ਜਨਰਲ ਸਕੱਤਰ, ਹਰਜੀਤ ਸਿੰਘ ਬਲਾਹੜੀ, ਜਸਪਾਲ ਸਿੰਘ ਸੰਗਰੂਰ, ਅਵਤਾਰ ਸਿੰਘ ਰੋਪੜ੍ਹ, ਰਣਵੀਰ ਸਿੰਘ ਸੋਹਲ, ਡਾਕਟਰ ਹਰਜੀਤ ਸਿੰਘ ਰਤਨ, ਅਰੁਣ ਕੁਮਾਰ, ਮਨਜੀਤ ਸਿੰਘ ਪੀ. ਏ. ਯੂ. ਹਾਜ਼ਰ ਸਨ |