ਮਾਛੀਵਾੜਾ ਸਾਹਿਬ, 7 ਨਵੰਬਰ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਪਿਛਲੇ ਕੁੱਝ ਦਿਨਾ ਦੀ ਗੱਲ ਕਰੀਏ ਤਾਂ ਇਲਾਕੇ ਵਿਚ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਹੌਸਲੇ ਇਸ ਕਦਰ ਹਾਵੀ ਹੋਏ ਹਨ ਕਿ ਉਨ੍ਹਾਂ ਦੇ ਵਿਵਹਾਰ ਤੋਂ ਇੰਜ ਜਾਪਦਾ ਹੈ ਕਿ ਜਿਵੇਂ ਉਨ੍ਹਾਂ ਦੇ ਸਿਰ 'ਤੇ ਕਿਸੇ ਵੱਡੇ ਰਸੂਖਦਾਰ ਦਾ ਹੱਥ ਹੋਵੇ | ਸਤਲੁਜ ਦਰਿਆ ਵਿਚ ਦਿਨ ਰਾਤ ਚੱਲ ਰਹੀ ਇਸ ਮਾਈਨਿੰਗ ਨੂੰ ਉਜਾਗਰ ਕਰਨ ਲਈ ਸ਼ਹਿਰ ਦੇ ਕੁੱਝ ਪੱਤਰਕਾਰਾਂ ਨੇ ਆਪਣੀ ਕਲਮ ਦੀ ਪੂਰੀ ਤਾਕਤ ਲਗਾ ਦਿੱਤੀ | ਪਰ ਇਸ ਸਭ ਦੇ ਬਾਵਜੂਦ ਇਹ ਮਾਈਨਿੰਗ ਰੁਕਣ ਦਾ ਨਾਮ ਨਹੀਂ ਲੈ ਰਹੀ¢ ਸਭ ਤਾ ਦਿਲਚਸਪ ਗੱਲ ਤਾਂ ਇਹ ਨਿਕਲ ਕੇ ਆਈ ਕਿ ਹੁਣ ਰੇਤੇ ਨਾਲ ਭਰੇ ਟਿੱਪਰਾਂ ਤੇ ਟਰਾਲੀਆਂ ਕੋਲ ਕਿਸਾਨ ਯੂਨੀਅਨ ਦੇ ਨਾਮ ਹੇਠ ਪਰਚੀਆਂ ਨਿਕਲ ਰਹੀਆਂ ਹਨ | ਹਾਲਾਂਕਿ ਇਸ ਦਾ ਸਖ਼ਤ ਵਿਰੋਧ ਕਰਦਿਆਂ ਕਿਸਾਨ ਯੂਨੀਅਨ ਦੇ ਆਗੂਆਂ ਨੇ ਇਸ ਨਾਲ ਕਿਸੇ ਕਿਸਮ ਦੇ ਸਬੰਧ ਹੋਣ ਤੋਂ ਪੂਰੀ ਤਰ੍ਹਾਂ ਨਾਂਹ ਕੀਤੀ ਹੈ ਤੇ ਖ਼ੁਦ ਪੁਲਿਸ ਨੂੰ ਇਸ ਸਕੈਂਡਲ 'ਤੇ ਕਾਰਵਾਈ ਦੀ ਮੰਗ ਕੀਤੀ ਹੈ¢ ਪਰ ਇਸ ਸਭ ਦੇ ਬਾਵਜੂਦ ਲਗਾਤਾਰ ਟਿੱਪਰਾ ਤੇ ਟਰਾਲੀਆਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ ਤੇ ਹੌਸਲੇ ਇਸ ਕਦਰ ਹਾਵੀ ਹਨ ਕਿ ਪੁਲਿਸ ਦੇ ਸਾਹਮਣੇ ਹੀ ਅਗਲੇ ਠਾਠਾਂ ਮਾਰਦੇ ਲੰਘ ਜਾਂਦੇ ਹਨ | ਹਾਲਾਂਕਿ ਪੁਲਿਸ ਨੇ ਪੱਤਰਕਾਰਾਂ ਦੇ ਦਖ਼ਲ ਤੋਂ ਬਾਦ ਬੀਤੀ ਰਾਤ ਕੁੱਝ ਵਾਹਨਾਂ ਨੂੰ ਰੋਕਿਆ ਵੀ ਤੇ ਮਾਈਨਿੰਗ ਨਾਲ ਜੁੜੇ ਕੁੱਝ ਵਿਅਕਤੀਆਂ ਨੇ ਪੱਤਰਕਾਰਾਂ ਨਾਲ ਬਹਿਸ ਵੀ ਕੀਤੀ | ਪਰ ਸਵੇਰ ਹੁੰਦੇ ਤੱਕ ਫਿਰ ਉਹੀ ਨਜ਼ਾਰਾ ਨਜ਼ਰ ਆਉਣ ਲੱਗਾ ਤੇ ਫਿਰ ਸਤਲੁਜ ਦਰਿਆ ਦੇ ਆਸਪਾਸ ਵਾਹਨਾਂ ਦੀ ਹਲਚਲ ਤੇਜ਼ ਹੋ ਗਈ | ਹਾਲਾਂਕਿ ਇਸ ਦੌਰਾਨ ਕਿਸਾਨਾਂ ਨੇ ਖ਼ੁਦ ਜਾ ਕੇ ਵਾਹਨਾਂ ਨੂੰ ਰੋਕਿਆ ਤੇ ਉਨ੍ਹਾਂ ਦੇ ਨਾਮ 'ਤੇ ਹੋ ਰਹੀ ਗੱਲਬਾਤ ਦਾ ਵਿਰੋਧ ਵੀ ਕੀਤਾ¢ ਪਰ ਫਿਲਹਾਲ ਇਹ ਦੌਰ ਬੇਰੋਕ ਟੋਕ ਸ਼ੁਰੂ ਸੀ ਤੇ ਸ਼ਾਇਦ ਹੋ ਸਕਦਾ ਹੈ ਕਿ ਪ੍ਰਸ਼ਾਸਨ ਇਸੇ ਤਰ੍ਹਾਂ ਬੇਬਸ ਰਹੇਗਾ ਤੇ ਰੇਤ ਮਾਫ਼ੀਆਂ ਸਰਗਰਮ ਰਹੇਗਾ¢