ਪਾਇਲ, 6 ਨਵੰਬਰ (ਰਜਿੰਦਰ ਸਿੰਘ)-ਅੱਜ ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ (ਸਬ ਆਫ਼ਿਸ) ਯੂਨੀਅਨ ਪੰਜਾਬ ਦੀ ਇਕ ਜ਼ਰੂਰੀ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪਰਮਪਾਲ ਸਿੰਘ ਮੋਗਾ, ਸੁਰਿੰਦਰਪਾਲ ਸਿੰਘ ਲੁਧਿਆਣਾ, ਨਿਸ਼ਾਨ ਸਿੰਘ ਵਰਾਣਾ ਤਰਨਤਾਰਨ, ਸਰਬਜੀਤ ਸਿੰਘ ਡਿਗਰਾ ਗੁਰਦਾਸਪੁਰ, ਵਰੁਣ ਕੁਮਾਰ ਫ਼ਿਰੋਜ਼ਪੁਰ ਸਮੇਤ ਸੂਬਾ ਬਾਡੀ ਦੇ ਕਈ ਆਗੂ ਹਾਜ਼ਰ ਸਨ | ਮੀਟਿੰਗ ਦੌਰਾਨ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਵਲੋਂ ਆਪਸੀ ਮਤਭੇਦਾਂ ਨੂੰ ਖਤਮ ਕਰਦੇ ਹੋਏ ਮੌਜੂਦਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਦੀ ਅਗਵਾਈ 'ਤੇ ਪੂਰਾ ਭਰੋਸਾ ਜਤਾਇਆ ਗਿਆ | ਇਸ ਦੌਰਾਨ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਨੇ ਵੀ ਡਿਗਰਾ ਜੀ ਨੂੰ ਬਣਦਾ ਮਾਣ-ਸਨਮਾਨ ਦੇਣ ਦਾ ਵਿਸ਼ਵਾਸ ਦਿਵਾਇਆ | ਸਮੂਹ ਸਟੇਟ ਲੀਡਰਸ਼ਿਪ ਦੀ ਸਹਿਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਗੁਰਪ੍ਰੀਤ ਸਿੰਘ ਖੱਟੜਾ ਸੂਬਾ ਪ੍ਰਧਾਨ ਦੇ ਤੌਰ 'ਤੇ ਆਪਣੀ ਜ਼ਿੰਮੇਵਾਰੀ ਜਾਰੀ ਰੱਖਣਗੇ | ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਨੇ ਕਿਹਾ ਕਿ ਜਥੇਬੰਦੀ ਦੇ ਕੁੱਝ ਆਪਸੀ ਮਤਭੇਦ ਸਨ ਜੋ ਹੁਣ ਇਸ ਮੀਟਿੰਗ ਵਿੱਚ ਪੂਰੀ ਤਰ੍ਹਾਂ ਦੂਰ ਹੋ ਚੁੱਕੇ ਹਨ | ਇਸ ਮੌਕੇ ਸਟੇਟ ਬਾਡੀ ਦੇ ਸਾਰੇ ਮੈਂਬਰਾਂ ਨੇ ਏਕਤਾ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ |