ਕੁਹਾੜਾ, 31 ਅਗਸਤ (ਸੰਦੀਪ ਸਿੰਘ ਕੁਹਾੜਾ)-ਲੁਧਿਆਣਾ ਚੰਡੀਗੜ੍ਹ ਮੁੱਖ ਮਾਰਗ ਸਥਿਤ ਪਿੰਡ ਜੰਡਿਆਲੀ, ਕੁਹਾੜਾ ਅਤੇ ਇਸ ਦੇ ਆਸ ਪਾਸ ਦੇ ਪਿੰਡਾਂ ਵਿੱਚ ਚੋਰ ਅਤੇ ਲੁਟੇਰਾ ਗਰੋਹ ਪੂਰੀ ਤਰ੍ਹਾਂ ਨਾਲ ਸਰਗਰਮ ਹਨ ਜੋ ਪੁਲਿਸ ਪ੍ਰਸ਼ਾਸਨ ਦੇ ਬਿਨਾਂ ਕਿਸੇ ਡਰ ਭੈਅ ਤੋਂ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਰਫ਼ੂ ਚੱਕਰ ਹੋ ਜਾਂਦੇ ਹਨ, ਜੋ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਜਾਂਦੇ ਹਨ¢ ਜਿਸ ਦੀ ਇੱਕ ਹੋਰ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਥਾਣਾ ਜਮਾਲਪੁਰ ਅਧੀਨ ਪੈਂਦੀ ਪੁਲਿਸ ਚੌਂਕੀ ਰਾਮਗੜ੍ਹ ਦੇ ਇਲਾਕੇ ਵਿਚੋਂ ਫ਼ੈਕਟਰੀ ਤੋਂ ਛੁੱਟੀ ਕਰ ਕੇ ਘਰ ਪਰਤ ਰਹੇ ਵਿਅਕਤੀ ਤੋਂ ਲੁਟੇਰੇ ਮੋਟਰਸਾਈਕਲ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ¢ ਇਸ ਸਬੰਧੀ ਜਾਣਕਾਰੀ ਦੇਣ ਮੋਟਰਸਾਈਕਲ ਚਾਲਕ ਮਨੋਜ ਯਾਦਵ ਵਾਸੀ ਜਸਪ੍ਰੀਤ ਸਿੰਘ ਦਾ ਵਿਹੜਾ ਕੁਹਾੜਾ ਨੇ ਦੱਸਿਆ ਕਿ ਉਹ ਆਪਣੇ ਸਾਥੀ ਨਾਲ ਉੱਚੀ ਮੰਗਲੀ ਕੰਪਨੀ ਵਿਚੋਂ ਕੰਮ ਕਰ ਕੇ ਸਵੇਰੇ 5 ਵਜੇ ਦੇ ਕਰੀਬ ਮੋਟਰਸਾਈਕਲ ਤੇ ਵਾਪਸ ਘਰ ਪਰਤ ਰਹੇ ਸਨ ਕਿ ਉਨ੍ਹਾਂ ਨੂੰ ਚੰਡੀਗੜ੍ਹ ਲੁਧਿਆਣਾ ਮੁੱਖ ਮਾਰਗ 100 ਫੁੱਟੀ ਪੁਲੀ ਨੇੜੇ ਮੋਟਰਸਾਈਕਲ 'ਤੇ ਸਵਾਰ ਵਿਅਕਤੀਆਂ ਵਲੋਂ ਘੇਰ ਲਿਆ ਅਤੇ ਹਥਿਆਰਨੁਮਾ ਚੀਜ਼ ਦਿਖਾ ਕੇ ਉਨ੍ਹਾਂ ਤੋਂ ਹੀਰੋ ਡੀਲਕਸ ਮੋਟਰਸਾਈਕਲ ਪੀ.ਬੀ.-10.ਜੇ.ਪੀ-7656 ਅਤੇ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ¢ ਉਨ੍ਹਾਂ ਦੱਸਿਆ ਕਿ ਤਿੰਨ ਮੋਟਰਸਾਈਕਲ ਦੇ ਕਰੀਬ ਅੱਠ ਤੋਂ ਦਸ ਵਿਅਕਤੀਆਂ ਵਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਖੋਹ ਕਰ ਕੇ ਕੁਹਾੜਾ ਸਾਈਡ ਨੂੰ ਫ਼ਰਾਰ ਹੋ ਗਏ¢ ਪੀੜਤ ਵਲੋਂ ਇਸ ਸਬੰਧੀ ਸੂਚਨਾ ਸਬੰਧਿਤ ਪੁਲਿਸ ਨੂੰ ਕਰ ਦਿੱਤੀ ਗਈ ਹੈ¢ ਇਸ ਸਬੰਧੀ ਰਾਮਗੜ੍ਹ ਚੌਂਕੀ ਦੇ ਪੁਲਿਸ ਅਧਿਕਾਰੀ ਸਤਵੀਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਘਟਨਾ ਵਾਲੇ ਸਥਾਨ ਦੇ ਆਸ ਪਾਸ ਦੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲ ਕੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਖੋਹ ਕਰਨ ਵਾਲਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ¢ਇਸ ਸਬੰਧੀ ਨਿਰਪਾਲ ਸਿੰਘ ਗਰਚਾ, ਜਸਵੰਤ ਸਿੰਘ, ਇਲਾਕਾ ਨਿਵਾਸੀ ਅਤੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਲਾਕੇ ਵਿਚ ਦਿਨੋਂ ਦਿਨ ਵੱਧ ਰਹੀਆਂ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਲੁਟੇਰਾ ਗਿਰੋਹ 'ਤੇ ਜਲਦ ਨਕੇਲ ਕਸੀ ਜਾਵੇ¢