ਬੀਜਾ, 20 ਜੁਲਾਈ (ਕਸ਼ਮੀਰਾ ਸਿੰਘ ਬਗ਼ਲੀ)-ਕਾਂਗਰਸ ਪਾਰਟੀ ਦੇ ਵਿਧਾਇਕ ਬਾਵਾ ਹੈਨਰੀ ਨੇ ਵਿਧਾਨ ਸਭਾ ਵਿਚ ਪਾਇਲ ਦੇ ਲੋਕਾਂ ਵੱਲੋਂ ਚੁਣੇ ਗਏ ਗੁਰਸਿੱਖ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਗਾਲ੍ਹ ਕੱਢ ਕੇ ਇੱਕ ਬਹੁਤ ਹੀ ਘਟੀਆ ਤੇ ਇੱਕ ਸਭ ਤੋਂ ਨੀਚ ਕੰਮ ਕੀਤਾ | ਇੱਕ ਚੁਣੇ ਹੋਏ ਵਿਧਾਇਕ ਨੂੰ ਇਹ ਸੋਭਾ ਨਹੀਂ ਦਿੰਦਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਕਰਮਜੀਤ ਸਿੰਘ ਤੂਰ ਆਪ ਆਗੂ ਨੇ ਕਰਦਿਆਂ ਆਖਿਆ ਕਿ ਇੱਕ ਗੁਰਸਿੱਖ ਨੂੰ ਗਾਲ੍ਹ ਕੱਢ ਕੇ ਸੰਬੋਧਨ ਕਰਨਾ ਬਹੁਤ ਹੀ ਮੰਦਭਾਗਾ ਹੈ ਜਿਸ ਦੀ ਮੈਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ | ਉਨ੍ਹਾਂ ਆਖਿਆ ਕਿ ਅਸੀਂ ਹੈਨਰੀ ਦੀ ਇਸ ਹਰਕਤ ਦਾ ਵਿਰੋਧ ਕਰਦੇ ਹਾਂ ਅਤੇ ਇਸ ਨੂੰ ਸਬਕ ਸਿਖਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਹੈਨਰੀ ਨੂੰ ਇਹ ਦੱਸਣਾ ਚਾਹੁੰਦੇ ਹਾਂ ਤੁਹਾਨੂੰ ਇਹ ਗਾਲ੍ਹ ਮਹਿੰਗੀ ਪਵੇਗੀ, ਇਸ ਪਵਿੱਤਰ ਮੰਦਰ 'ਚ ਜਿੱਥੇ ਗਾਲ੍ਹ ਕੱਢਣ ਤੋਂ ਰੋਕਣ ਦੇ ਕਾਨੰੂਨ ਬਣਦੇ ਹੋਣ ਉੱਥੇ ਤੁਹਾਡਾ ਗਾਲ੍ਹ ਕੱਢਣਾ ਦਰਸਾਉਂਦਾ ਹੈ ਕਿ ਤੁਸੀ ਵਿਧਾਨ ਸਭਾ ਦੇ ਯੋਗ ਨਹੀਂ ਹੋ | ਅਖੀਰ ਉਨ੍ਹਾਂ ਆਖਿਆ ਕਿ ਜੋ ਲੋਕ ਆਪ ਇਹ ਗਾਲ੍ਹਾਂ ਕੱਢਦੇ ਹਨ, ਉਹ ਲੋਕਾਂ ਨੂੰ ਕੀ ਸੰਦੇਸ਼ ਦੇਣਗੇ ਅਤੇ ਪੰਜਾਬ ਦਾ ਕੀ ਭਲਾ ਕਰਨਗੇ ਕਿਉਂਕਿ ਇੱਕ ਨੇਤਾ ਲੋਕਾਂ ਲਈ ਮਾਡਲ ਹੁੰਦਾ ਹੈ |