ਬੀਜਾ, 20 ਜੁਲਾਈ (ਅਵਤਾਰ ਸਿੰਘ ਜੰਟੀ ਮਾਨ)- ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਵੱਲੋਂ ਨਿਰਵਿਘਨ ਅੱਠ ਘੰਟੇ ਬਿਜਲੀ ਦੇਣ ਦੇ ਵਾਅਦੇ ਖੋਖਲੇ ਨਜ਼ਰ ਆਉਂਦੇ ਵਿਖਾਈ ਦੇ ਰਹੇ ਹਨ | ਇਸ ਵਾਰ ਅਗੇਤੀ ਬਾਰਸ਼ ਆਉਣ ਨਾਲ ਮੱਕੀ ਦੀ ਫ਼ਸਲ ਦਾ ਸੀਜ਼ਨ ਲੰਬਾ ਸਮਾਂ ਚੱਲਿਆ ਹੁਣ ਜਦੋਂ ਮੱਕੀ ਵਾਲਿਆਂ ਕੁੱਝ ਕਿਸਾਨਾਂ ਝੋਨਾ ਲਾਉਣਾ ਸੀ ਉਦੋਂ ਬਿਜਲੀ ਬੋਰਡ ਵੱਲੋਂ ਮੋਟਰਾਂ ਵਾਲੀ ਸਪਲਾਈ ਦੇ ਲੰਮੇ ਕੱਟ ਲਾਉਣੇ ਸ਼ੁਰੂ ਕਰ ਦਿੱਤੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਰਾਜੇਵਾਲ ਜਥੇਬੰਦੀ ਦੇ ਸਮਰਾਲਾ ਤੋ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਪੂਰਬਾ ਨੇ ਦੱਸਿਆ ਕਿ ਸਬ ਡਵੀਜ਼ਨ ਖੰਨਾ ਅਧੀਨ ਆਉਂਦੇ ਚਾਵਾਂ ਗਰਿੱਡ ਤੋਂ ਚਲਦੇ ਬਗਲੀ ਕਲਾਂ ਅਤੇ ਰੁਪਾਲੋਂ ਫੀਡਰਾਂ ਨੂੰ 8 ਘੰਟੇ ਬਿਜਲੀ ਸਪਲਾਈ ਨਹੀਂ ਮਿਲ ਰਹੀ | ਲਗਾਤਾਰ ਕੱਟਾਂ ਤੋਂ ਪਰੇਸ਼ਾਨ ਹੋ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ 1912 ਨੰਬਰ ਉਤੇ ਵੀ ਤਿੰਨ ਚਾਰ ਵਾਰ ਸ਼ਿਕਾਇਤ ਦਰਜ ਕਰਵਾਈ | ਰੁਪਾਲੋਂ ਪਿੰਡ ਦੇ ਵਸਨੀਕ ਸਤਵਿੰਦਰ ਸਿੰਘ, ਗੁਰਿੰਦਰ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ ਅਤੇ ਹਰਪਾਲ ਸਿੰਘ ਨੇ ਵੀ ਘੱਟ ਸਪਲਾਈ ਮਿਲਣ ਕਾਰਨ ਰੋਸ ਜ਼ਾਹਿਰ ਕਰਦਿਆਂ ਮੰਗ ਕੀਤੀ ਕਿ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ | ਬਲਾਕ ਪ੍ਰਧਾਨ ਪੂਰਬਾ ਵੱਲੋਂ ਦੱਸਿਆ ਕਿ ਐਸ. ਡੀ. ਚਾਵਾਂ ਨੂੰ ਲੱਗ ਰਹੇ ਕੱਟਾਂ ਤੋਂ ਜਾਣੂ ਕਰਵਾਉਣ ਅਤੇ ਜਾਣਕਾਰੀ ਲੈਣ ਲਈ ਦੋ ਵਾਰ ਸੰਪਰਕ ਕੀਤਾ ਗਿਆ, ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ | ਉਨ੍ਹਾਂ ਐਕਸੀਅਨ ਸਾਹਿਬ ਖੰਨਾ ਨੂੰ ਬੇਨਤੀ ਕੀਤੀ ਕਿ ਇਸ ਸਮੱਸਿਆ ਦਾ ਹੱਲ ਕੱਢ ਕੇ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ |