ਖੰਨਾ, 17 ਜੁਲਾਈ (ਹਰਜਿੰਦਰ ਸਿੰਘ ਲਾਲ)-ਸਾਵਣ ਮਹੀਨੇ ਦੀ ਸੰਗਰਾਂਦ ਅਤੇ ਗੁਰਦੁਆਰਾ ਕਲਗ਼ੀਧਰ ਸਾਹਿਬ ਦੇ ਬਾਨੀ ਸੱਚਖੰਡ ਵਾਸੀ ਬਾਬਾ ਤਾਰਾ ਸਿੰਘ ਜੀ ਦੀ ਬਰਸੀ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ | ਇਸ ਮੌਕੇ ਬਾਲਾ ਪ੍ਰੀਤਮ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀਵਾਨ ਵੀ ਸਜਾਏ ਗਏ ਅਤੇ ਸ੍ਰੀ ਸਹਿਜ ਪਾਠ ਦੇ ਭੋਗ ਵੀ ਪਾਏ ਗਏ | ਉਪਰੰਤ ਕੀਰਤਨ ਭਾਈ ਗੁਰਚਰਨ ਸਿੰਘ ਹੋਰਾਂ ਨੇ ਕੀਤਾ | ਠੀਕ 9 ਵਜੇ ਸਮਾਪਤੀ ਹੋਈ ਅਤੇ ਦੁੱਧ ਦੇ ਲੰਗਰ ਵਰਤਾਏ ਗਏ | ਸ਼ਾਮ ਦੇ ਦੀਵਾਨ ਵਿਚ ਨਿੱਤਨੇਮ ਤੋਂ ਬਾਅਦ ਆਰਤੀ ਉਸ ਤੋਂ ਬਾਅਦ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਅਜੀਤ ਸਿੰਘ ਹੋਰਾਂ ਨੇ ਸਾਵਣ ਦੇ ਮਹੀਨੇ ਦੀ ਕਥਾ ਕੀਤੀ, ਉਨ੍ਹਾਂ ਤੋਂ ਬਾਅਦ ਉਚੇਚੇ ਤੌਰ 'ਤੇ ਬੁਲਾਏ ਗਏ ਭਾਈ ਸਿਮਰਪ੍ਰੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਨੇ ਕੀਰਤਨ ਦੀ ਛਹਿਬਰ ਲਾਈ | ਸੰਗਤ ਨੇ ਬੜੀ ਮੰਤਰ ਮੁਘਦ ਹੋ ਕੇ ਕੀਰਤਨ ਦਾ ਆਨੰਦ ਮਾਣਿਆ | ਸਮਾਪਤੀ ਤੇ ਗੁਰੂ ਘਰ ਦੇ ਸੈਕਟਰੀ ਅਵਤਾਰ ਸਿੰਘ ਕੈਂਥ ਨੇ ਬਾਬਾ ਤਾਰਾ ਸਿੰਘ ਹੋਰਾਂ ਦੇ ਜੀਵਨ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਖੰਨਾ ਅਤੇ ਖੰਨੇ ਇਲਾਕੇ ਦੀ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਅੱਜ ਵੀ ਉਨ੍ਹਾਂ ਦੀ ਚਲਾਈਆਂ ਹੋਈਆਂ ਪਿਰਤਾਂ 'ਤੇ ਸੰਗਤਾਂ ਚੱਲ ਰਹੀਆਂ ਹਨ | ਜਿਵੇਂ ਹੋਲੇ ਮੱਹਲੇ 'ਤੇ ਖੰਨਾ ਇਲਾਕੇ ਦੀਆਂ ਸੰਗਤਾਂ ਲੰਗਰ ਲੈ ਕੇ ਜਾਂਦੀਆਂ ਹਨ | 5-6 ਦਿਨ ਉੱਥੇ ਲੰਗਰ ਚੱਲਦਾ ਹੈ | ਬੰਸਤ ਪੰਚਮੀ ਤੇ ਚਾਹ ਅਤੇ ਪਕੌੜਿਆਂ ਦਾ ਲੰਗਰ ਚੱਲਦਾ ਹੈ | ਅੱਜ ਬਾਬਾ ਜੀ ਦੀ 58ਵੀਂ ਬਰਸੀ ਮਨਾਈ ਗਈ | ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਲੰਗਰ ਹਾਲ ਵਿਚ ਹਰ ਸਾਲ ਦੀ ਤਰ੍ਹਾਂ ਖੀਰ ਅਤੇ ਮਾਲ ਪੂੜਿਆਂ ਦਾ ਲੰਗਰ ਵਰਤਾਇਆ ਗਿਆ | ਸੰਗਤੀ ਰੂਪ ਵਿਚ ਪਹੁੰਚੇ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ, ਦਰਸ਼ਨ ਸਿੰਘ ਗਿੱਲ, ਬਲਵਿੰਦਰ ਸਿੰਘ ਸੌਂਦ, ਹਰਬੀਰ ਸਿੰਘ ਸੋਨੂੰ, ਰਵਿੰਦਰ ਸਿੰਘ ਬੱਬਲੂ, ਗੁਰਪ੍ਰੀਤ ਸਿੰਘ ਡੀ. ਸੀ., ਅਮਰਬੀਰ ਸਿੰਘ ਬੈਨੀਪਾਲ, ਜਸਕਰਣ ਸਿੰਘ, ਜਤਿੰਦਰ ਸਿੰਘ ਬਖਸ਼ੀ, ਸਤਿੰਦਰ ਸਿੰਘ ਕੋਹਲੀ, ਪਰਮਿੰਦਰ ਸਿੰਘ ਭੰਗੂ, ਹਰਵਿੰਦਰ ਸਿੰਘ ਜਗਦਿਓ, ਇੰਦਰਜੀਤ ਸਿੰਘ, ਮਨਪ੍ਰੀਤ ਸਿੰਘ ਬੱਗਾ, ਰਜਿੰਦਰਬੀਰ ਸਿੰਘ ਆਦਿ ਹਾਜਰ ਸਨ |