ਬੀਜਾ, 15 ਜੁਲਾਈ (ਕਸ਼ਮੀਰਾ ਸਿੰਘ ਬਗਲੀ)-ਕੁਲਾਰ ਪਬਲਿਕ ਸਕੂਲ ਖੰਨਾ ਕਿਸ਼ਨਗੜ੍ਹ (ਕੇ. ਪੀ. ਐੱਸ. ਖੰਨਾ) ਜੋ ਇਲਾਕੇ ਦਾ ਪਹਿਲਾ ਆਈ. ਸੀ. ਐੱਸ. ਈ. ਸਕੂਲ ਹੈ ਦੇ ਵਿਦਿਆਰਥੀਆਂ ਨੇ ਚਾਈਲਡ ਯੂ-10 ਅਤੇ ਮਿੰਨੀ ਯੂ-12 ਰਾਸ਼ਟਰੀ ਫੈਂਸਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਹ ਮੁਕਾਬਲੇ ਬੀਤੀ ਦਿਨੀਂ ਤੋਂ ਨਾਸਿਕ, ਮਹਾਰਾਸ਼ਟਰ ਵਿਚ ਹੋਏ | ਪਿਛਲੇ ਮਹੀਨੇ ਪੰਜਾਬ ਸਟੇਟ ਫੈਂਸਿੰਗ ਚੈਂਪੀਅਨਸ਼ਿਪ ਵਿੱਚ ਮੈਡਲ ਜੇਤੂ ਰਹੇ ਬੀਰ ਪ੍ਰਤਾਪ ਅਲੂਣਾ, ਜਸਲੀਨ ਕੌਰ, ਜੈ ਇੰਦਰ ਕੌਰ ਸੇਖੋਂ ਅਤੇ ਕੰਵਰਾਜੀਤ ਸਿੰਘ ਸੇਖੋਂ ਨੇ ਹੁਣ ਰਾਸ਼ਟਰੀ ਪੱਧਰ 'ਤੇ ਪੰਜਾਬ ਦੀ ਨੁਮਾਇੰਦਗੀ ਕੀਤੀ ਅਤੇ ਨਾਕ ਆਉਟ ਰਾਊਾਡ ਤੱਕ ਪਹੁੰਚਣ ਵਿਚ ਕਾਮਯਾਬ ਰਹੇ | ਹਾਲਾਂਕਿ ਉਨ੍ਹਾਂ ਨੂੰ ਅਗਲੇ ਚਰਨ ਵਿਚ ਰਾਸ਼ਟਰੀ ਮੈਡਲ ਜੇਤੂਆਂ ਨਾਲ ਮੁਕਾਬਲਾ ਕਰਨਾ ਪਿਆ, ਪਰ ਉਨ੍ਹਾਂ ਦੀ ਹੌਸਲਾ, ਲਗਨ ਅਤੇ ਦਿ੍ੜ ਇਰਾਦੇ ਨੇ ਸਭ ਦਾ ਦਿਲ ਜਿੱਤ ਲਿਆ | ਜ਼ਿਕਰਯੋਗ ਹੈ ਕਿ ਜਸਲੀਨ ਕੌਰ ਨੇ ਭਾਰਤ ਦੀ ਟੋਪਰਾਂ 10, ਅੰਡਰ-10 ਖਿਡਾਰੀਆਂ ਵਿਚ ਆਪਣੀ ਥਾਂ ਬਣਾਈ - ਜੋ ਕਿ ਸਕੂਲ ਅਤੇ ਖੰਨਾ ਖੇਤਰ ਲਈ ਇਕ ਵੱਡੀ ਉਪਲਬਧੀ ਹੈ | ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਸਕੂਲ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਕਰਵਾਇਆ ਗਿਆ | ਪਿ੍ੰਸੀਪਲ ਰੇਵਾ ਟੰਡਨ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕੋਚ ਮਨੀਸ਼ਾ ਧੰਖੜ ਦੀ ਖਾਸ ਤਾਰੀਫ਼ ਕੀਤੀ | ਜਿਨ੍ਹਾਂ ਨੇ ਬਹੁਤ ਘੱਟ ਸਮੇਂ ਵਿਚ ਬੱਚਿਆਂ ਨੂੰ ਰਾਸ਼ਟਰੀ ਪੱਧਰ ਲਈ ਤਿਆਰ ਕੀਤਾ | ਚੇਅਰਮੈਨ ਪ੍ਰੋ. ਗੁਰਬਖਸ਼ ਸਿੰਘ ਬੀਜਾ, ਡਾਇ. ਰੁਪਿੰਦਰ ਸਿੰਘ ਬੈਨੀਪਾਲ ਨੇ ਵੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਖੰਨਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ | ਅੰਤ ਵਿਚ ਡਾ. ਕੁਲਦੀਪਕ ਸਿੰਘ ਕੁਲਾਰ ਨੇ ਕਿਹਾ ਕਿ ਰਾਸ਼ਟਰੀ ਪੱਧਰ 'ਤੇ ਭਾਗ ਲੈਣਾ ਖੁਦ ਵਿਚ ਵੱਡੀ ਉਪਲਬਧੀ ਹੁੰਦੀ ਹੈ | ਸਾਨੂੰ ਮਾਣ ਹੈ ਕਿ ਸਾਡੇ ਬੱਚੇ ਪੰਜਾਬ ਦੀ ਨੁਮਾਇਦਗੀ ਕਰ ਰਹੇ ਹਨ ਅਤੇ ਕੁਲਾਰ ਪਬਲਿਕ ਸਕੂਲ ਦਾ ਨਾਂ ਚਮਕਾ ਰਹੇ ਹਨ |