ਡੇਹਲੋਂ, 15 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)- ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ 'ਕਿਸਮੇ ਕਿੰਨਾ ਹੈ ਦਮ' ਰਿਐਲਿਟੀ ਸ਼ੋਅ ਦੌਰਾਨ ਵਿਦਿਆਰਥੀਆਂ ਵਲੋਂ ਅਹਿਮ ਪ੍ਰਾਪਤੀਆਂ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਦੱਸਣਯੋਗ ਹੈ ਕਿ ਪੈਰਾਗੌਨ ਇੰਟਰਨੈਸ਼ਨਲ ਸਕੂਲ ਡੇਹਲੋਂ ਇਲਾਕੇ ਦੀ ਨਾਮੀ ਸਿੱਖਿਆ ਸੰਸਥਾ ਹੈ, ਜਿਸ ਦੀ ਪ੍ਰਬੰਧਕ ਕਮੇਟੀ ਅਤੇ ਸਕੂਲ ਪਿ੍ੰਸੀਪਲ ਦੀ ਯੋਗ ਅਗਵਾਈ ਹੇਠ ਸਕੂਲ ਬੱਚਿਆਂ ਵਲੋਂ ਖੇਡਾਂ, ਪੜ੍ਹਾਈ ਸਮੇਤ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਿਆ ਜਾ ਰਿਹਾ ਹੈ, ਜਿਸ ਅੰਦਰ ਬੱਚਿਆਂ ਨੂੰ ਸਮਾਜਸੇਵੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਜਾਰੀ ਰਹਿੰਦੇ ਹਨ | ਇਸ ਸੰਬੰਧੀ ਸਕੂਲ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਨੇ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਪ੍ਰਸਿੱਧ ਟੀ. ਵੀ. ਰਿਐਲਿਟੀ ਸ਼ੋਅ 'ਕਿਸਮੇ ਕਿੰਨਾ ਹੈ ਦਮ' ਦੇ ਗ੍ਰੈਂਡ ਫਿਨਾਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵੱਖ-ਵੱਖ ਸਥਾਨ ਹਾਸਿਲ ਕੀਤੇ, ਜਦਕਿ ਸਕੂਲ ਪੁੱਜਣ 'ਤੇ ਇਨ੍ਹਾਂ ਜੇਤੂ ਬੱਚਿਆਂ ਦਾ ਸਨਮਾਨ ਕੀਤਾ ਗਿਆ | ਉਨ੍ਹਾਂ ਦੱਸਿਆਂ ਕਿ ਡਾਂਸ ਵਿਭਾਗ ਵਿਚ ਦਿਲਮੀਤ ਕੌਰ ਕਲਾਸ 5 ਗ੍ਰੈਂਡ ਫਿਨਾਲੇ ਵਿੱਚ ਰਨਰ-ਅਪ ਰਹੀ | ਅਨਮੋਲਪਰੀਤ ਕੌਰ ਕਲਾਸ ਛੇਂਵੀ ਸੈਕੰਡ ਰਨਰ-ਅਪ ਬਣਨ ਦਾ ਮਾਣ ਹਾਸਿਲ ਕੀਤਾ, ਜਦਕਿ ਸਿਮਰਨ ਕੌਰ ਕਲਾਸ ਸੱਤਵੀਂ ਡੀ ਚੌਥੀ ਰਨਰ-ਅਪ ਬਣੀ | ਉਨ੍ਹਾਂ ਦੱਸਿਆਂ ਕਿ ਕੁਇਜ਼ ਤੇ ਸੰਗੀਤ ਮੁਕਾਬਲੇ ਵਿਚ ਬਰਨੀਤ ਸਿੰਘ ਕਲਾਸ ਅੱਠਵੀਂ ਡੀ ਦੂਜੇ ਸਥਾਨ 'ਤੇ ਰਿਹਾ | ਜਸ਼ਨਦੀਪ ਸਿੰਘ ਨੇ ਰਾਗਮਈ ਕੀਰਤਨ ਨਾਲ ਵੱਖ-ਵੱਖ ਪ੍ਰਾਂਤਾਂ ਦੇ ਪ੍ਰਤੀਯੋਗੀਆਂ ਨੂੰ ਪਛਾੜਦੇ ਹੋਏ ਦੂਸਰਾ ਸਥਾਨ ਹਾਸਲ ਕੀਤਾ | ਸਕੂਲ ਦੇ ਨਿਰਦੇਸ਼ਕ ਡਾ. ਸੁਰਿੰਦਰਪਾਲ ਸਿੰਘ ਸੋਫਤ, ਚੇਅਰਪਰਸਨ ਸੁਮਨ ਸੋਫਤ ਅਤੇ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਪ੍ਰਦਰਸ਼ਨ, ਮਿਹਨਤ ਅਤੇ ਲਗਨ ਦੀ ਪ੍ਰਸ਼ੰਸਾ ਕੀਤੀ | ਸਕੂਲ ਚੇਅਰਪਰਸਨ ਸੁਮਨ ਸੋਫਤ ਨੇ ਕਿਹਾ ਕਿ ਪੈਰਾਗੌਨ ਸਕੂਲ ਸੰਸਥਾ ਸਕੂਲੀ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਹਮੇਸ਼ਾ ਯੋਗ ਅਗਵਾਈ ਲਈ ਤਤਪਰ ਰਹੇਗੀ |