ਮਲੌਦ, 15 ਜੁਲਾਈ (ਦਿਲਬਾਗ ਸਿੰਘ ਚਾਪੜਾ)- ਨਗਰ ਪੰਚਾਇਤ ਮਲੌਦ ਦੀ ਪ੍ਰਧਾਨ ਸੋਨੀਆ ਗੋਇਲ ਵੱਲੋਂ ਕੌਂਸਲਰਾਂ ਅਤੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਚੰਗੀ ਤਰ੍ਹਾਂ ਨਾਲ ਸਫ਼ਾਈ ਲਈ ਸੁਪਰ ਸ਼ਕਸ਼ਨ ਮਸ਼ੀਨ ਨਾਲ ਕੰਮ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ਸੋਨੀਆ ਗੋਇਲ ਨੇ ਕਿਹਾ ਕਿ ਸ਼ਹਿਰ ਵਿਚ ਸੀਵਰੇਜ ਦੀ ਸਮੱਸਿਆ ਅਤੇ ਸ਼ੁਰੂ ਹੋ ਰਹੇ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੇ ਸਹਿਯੋਗ ਨਾਲ ਨਗਰ ਨਿਗਮ ਲੁਧਿਆਣਾ ਨਾਲ ਤਾਲਮੇਲ ਕਰਕੇ ਇਹ ਮਸ਼ੀਨ ਕੁੱਝ ਦਿਨਾਂ ਲਈ ਮੰਗਵਾਈ ਗਈ ਹੈ ਜਿਸ ਨਾਲ ਪਹਿਲ ਦੇ ਆਧਾਰ ਬਲਾਕ ਰਹਿਣ ਵਾਲੇ ਏਰੀਏ ਦੀ ਚੰਗੀ ਤਰ੍ਹਾਂ ਸਫ਼ਾਈ ਉਪਰੰਤ ਮਲੌਦ, ਰੋੜੀਆਂ ਅਤੇ ਸੋਮਲ ਖੇੜੀ ਦੇ ਪੂਰੇ ਸੀਵਰ ਸਿਸਟਮ ਨੂੰ ਸਾਫ਼ ਕੀਤਾ ਜਾਵੇਗਾ | ਸਫ਼ਾਈ ਦੌਰਾਨ ਸੀਵਰੇਜ਼ ਵਿਚੋਂ ਨਿਕਲਦੇ ਪੁਰਾਣੇ ਕੱਪੜਿਆਂ, ਖਿਡੌਣਿਆਂ, ਪਲਾਸਟਿਕ ਬੋਤਲਾਂ ਅਤੇ ਲਿਫਾਇਆ ਆਦਿ ਕੂੜਾ ਕਰਕਟ ਨੂੰ ਵੇਖਕੇ ਉਨ੍ਹਾਂ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਸੀਵਰੇਜ ਸਿਸਟਮ ਪਾਣੀ ਦੀ ਨਿਕਾਸੀ ਲਈ ਹੈ, ਇਸ ਲਈ ਕੂੜਾ ਕਰਕਟ ਨੂੰ ਸੀਵਰੇਜ ਵਿਚ ਰੋੜ੍ਹਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਸਫ਼ਾਈ ਕਰਮੀਆਂ ਨੂੰ ਦਿੱਤਾ ਜਾਵੇ ਤਾਂ ਜੋ ਕੂੜੇ ਦਾ ਸਹੀ ਪ੍ਰਬੰਧ ਕਰਕੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਇਆ ਜਾ ਸਕੇ | ਇਸ ਮੌਕੇ ਯੂਥ ਆਗੂ ਸਤਨਾਮ ਸਿੰਘ ਸੱਤਾ ਰੋੜੀਆ, ਕੌਂਸਲਰ ਜਗਦੀਪ ਸਿੰਘ, ਜੇ.ਈ. ਹਰਪ੍ਰੀਤ ਸਿੰਘ, ਜੂਨੀਅਰ ਸਹਾਇਕ ਗੁਰਜੀਤ ਸਿੰਘ ਰੋੜੀਆ, ਸੈਨੀਟੇਸ਼ਨ ਇੰਚਾਰਜ ਰਾਕੇਸ਼ ਕੁਮਾਰ, ਕਲਰਕ ਗੁਰਜੀਤ ਕੌਰ, ਸੀਵਰੇਜ ਕਲਰਕ ਗਿਆਨ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |