ਪਾਇਲ, 15 ਜੁਲਾਈ (ਨਿਜ਼ਾਮਪੁਰ, ਰਜਿੰਦਰ ਸਿੰਘ)- ਪੰਜਾਬ ਵਿਚ ਝੋਨੇ ਦੀ ਬਿਜਾਈ ਅਤੇ ਲਵਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਨਦੀਨ ਨਾਸ਼ਕਾਂ ਦੀ ਰੋਕਥਾਮ ਵਾਸਤੇ ਛਿੜਕਾਅ ਦੇ ਜ਼ਰੂਰੀ ਨੁਕਤੇ ਸੁਝਾਏ ਹਨ | ਨਿਰਦੇਸ਼ਕ ਪਸਾਰ ਸਿਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਨੂੰ ਦੱਸਿਆ ਗਿਆ ਕਿ ਪਿਛਲੇ ਸਾਲ ਯੂਨੀਵਰਸਿਟੀ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ, ਚੀਨੀ ਘੋੜਾ ਘਾਹ, ਗੰਡੀ ਵਾਲਾ ਮੋਥਾ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਸਮੱਸਿਆ ਦੀ ਰੋਕਥਾਮ ਲਈ 500 ਮਿਲੀਲੀਟਰ ਪ੍ਰਤੀ ਏਕੜ ਨੋਵਲੈਕਟ 12 ਈਸੀ (ਫ਼ਲੋਰਪਾਈਰਾਕਸੀਫੈਨ ਬੈਨਜਾਈਲ + ਸਾਈਹੈਲੋਫੌਪ ਬਿਊਟਾਈਲ) ਦੀ ਸਿਫਾਰਿਸ਼ ਕੀਤੀ ਗਈ ਹੈ | ਜੇਕਰ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੀ ਹੈ ਤਾਂ 100 ਮਿਲੀਲਿਟਰ ਪ੍ਰਤੀ ਏਕੜ ਨੋਮਨੀਗੋਲਡ 10 ਐਸ. ਸੀ. (ਬਿਸਪਾਇਰੀਬੈਕ) ਹੀ ਕਾਰਗਰ ਹੈ | ਇਸ ਤੋਂ ਇਲਾਵਾ ਜੇਕਰ ਖੇਤ ਵਿੱਚ ਘਾਹ ਵਾਲੇ ਨਦੀਨ ਗੁੜਤ ਮਧਾਣਾ, ਚੀਨੀ/ਘੋੜਾ ਘਾਹ, ਚਿੜੀ ਘਾਹ ਅਤੇ ਤੱਕੜੀ ਘਾਹ ਦੀ ਸਮੱਸਿਆ ਹੋਵੇ ਤਾਂ ਉਹਨਾਂ ਖੇਤਾਂ ਵਿੱਚ 400 ਮਿਲੀ ਲੀਟਰ ਪ੍ਰਤੀ ਪ੍ਰਤੀ ਏਕੜ ਰਾਈਸਸਟਾਰ 6.7 ਈ. ਸੀ. (ਫਿਨਾਕਸਾਪਰੋਪ-ਪੀ-ਇਥਾਇਲ) ਦਾ ਹੀ ਛਿੜਕਾਅ ਕਰੋ | ਨਦੀਨ ਨਦੀਨਨਾਸ਼ਕਾਂ ਦੇ ਛਿੜਕਾਅ ਲਈ ਸਿਫ਼ਾਰਿਸ਼ ਵਾਲੀ ਅਵਸਥਾ (1-4 ਪੱਤੇ) ਤੋਂ ਵੱਡਾ ਹੋ ਜਾਵੇ ਤਾਂ ਸਿਫ਼ਾਰਿਸ਼ ਕੀਤੇ ਹੋਏ ਨਦੀਨਨਾਸ਼ਕ ਵੀ ਚੰਗੇ ਨਤੀਜੇ ਨਹੀਂ ਦਿੰਦੇ | ਇਸ ਮੌਕੇ ਡਾ. ਹਰੀ ਰਾਮ, ਮੁਖੀ ਫ਼ਸਲ ਵਿਗਿਆਨ ਵਿਭਾਗ ਨੇ ਕਿਸਾਨਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਖੇਤ ਵਿਚ ਵੱਖ-ਵੱਖ ਤਰ੍ਹਾਂ ਦੇ ਨਦੀਨਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਕਈ ਵਾਰ ਕੁੱਝ ਕਿਸਾਨ, ਨਦੀਨਾਂ ਦਾ ਪੂਰੀ ਤਰ੍ਹਾਂ ਖ਼ਾਤਮਾ ਕਰਨ ਲਈ ਆਪਣੇ ਤੌਰ 'ਤੇ ਦੋ ਜਾਂ ਦੋ ਤੋਂ ਵੱਧ ਨਦੀਨ ਨਾਸ਼ਕਾਂ ਨੂੰ ਰਲਾ ਕੇ ਵਰਤ ਰਹੇ ਹਨ | ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਖੇਤੀ ਖ਼ਰਚਿਆਂ ਵਿਚ ਵਾਧਾ ਕਰ ਰਹੇ ਹਨ ਅਤੇ ਇਸ ਦੇ ਚੰਗੇ ਨਤੀਜੇ ਵੀ ਨਹੀਂ ਮਿਲਦੇ |