ਬਠਿੰਡਾ, 20 ਨਵੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਹੋਟਲ ਰੈਸਟੋਰੈਂਟ ਅਤੇ ਰਿਜ਼ੋਰਟ ਐਸੋਸੀਏਸ਼ਨ ਦੀ ਮੀਟਿੰਗ ਪੰਜਾਬ ਪ੍ਰਧਾਨ ਸਤੀਸ਼ ਅਰੋੜਾ ਦੀ ਪ੍ਰਧਾਨਗੀ ਹੇਠ ਨਿੱਜੀ ਹੋਟਲ ਵਿਖੇ ਹੋਈ | ਮੀਟਿੰਗ ਵਿਚ ਹੋਟਲ ਉਦਯੋਗ ਦੀ ਵਿਗੜਦੀ ਸਥਿਤੀ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ | ਇਸ ਮੌਕੇ ਸਤੀਸ਼ ਅਰੋੜਾ ਨੇ ਕਿਹਾ ਕਿ ਸਾਰੀਆਂ ਸਰਕਾਰਾਂ ਨੇ ਨੋਟੀਫ਼ਿਕੇਸ਼ਨ ਜਾਰੀ ਕਰਕੇ ਹੋਟਲ ਉਦਯੋਗ ਨੂੰ ਉਦਯੋਗ ਦਾ ਦਰਜਾ ਦਿੱਤਾ, ਪਰ ਕੋਈ ਲਾਭ ਨਹੀਂ ਦਿੱਤਾ | 2012 ਵਿਚ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ, ਤਾਂ ਕੋਈ ਲਾਭ ਨਹੀਂ ਦਿੱਤਾ ਗਿਆ | 2017 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੱਤਾ 'ਚ ਸੀ ਤੇ 2023 ਵਿਚ ਵੀ ਇਹੀ ਗੱਲ ਫਿਰ ਵਾਪਰੀ | ਭਗਵੰਤ ਮਾਨ ਦੀ ਸਰਕਾਰ ਨੇ ਹੋਟਲ ਉਦਯੋਗ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ, ਪਰ ਅਜੇ ਤੱਕ ਕੋਈ ਲਾਭ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਉਦਯੋਗਿਕ ਦਰਜੇ ਦਾ ਅਰਥ ਹੈ ਉਦਯੋਗਿਕ ਦਰਾਂ 'ਤੇ ਬਿਜਲੀ, ਆਸਾਨ ਕਰਜ਼ੇ, ਟੈਕਸ ਛੋਟਾਂ, ਸਬਸਿਡੀਆਂ ਆਦਿ, ਪਰ ਸਾਨੂੰ ਇਨ੍ਹਾਂ ਵਿਚੋਂ ਕੋਈ ਵੀ ਲਾਭ ਨਹੀਂ ਮਿਲਿਆ ਹੈ | ਸਰਕਾਰ ਸਿਰਫ਼ ਟੈਕਸ ਇਕੱਠਾ ਕਰਦੀ ਹੈ, ਕੋਈ ਰਾਹਤ ਨਹੀਂ ਦਿੰਦੀ | ਉਨ੍ਹਾਂ ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ਬਾਰੇ ਕਿਹਾ ਕਿ ਸਾਰੇ ਉਦਯੋਗ ਲਾਭ ਤੁਰੰਤ ਲਾਗੂ ਕੀਤੇ ਜਾਣ, ਬਿਜਲੀ ਦੇ ਬਿੱਲ ਉਦਯੋਗਿਕ ਦਰਾਂ 'ਤੇ ਲਏ ਜਾਣ, ਆਨਲਾਈਨ ਕੰਪਨੀਆਂ ਤੋਂ ਕੰਟਰੋਲ ਕਮਿਸ਼ਨ, ਟੈਕਸ ਅਤੇ ਲਾਇਸੈਂਸ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਜਾਵੇ, ਹੋਟਲ ਉਦਯੋਗ ਨੂੰ ਸਰਕਾਰੀ ਯੋਜਨਾਵਾਂ ਅਧੀਨ ਸਬਸਿਡੀਆਂ ਦਿੱਤੀਆਂ ਜਾਣ, ਨਵੀਆਂ ਇਕਾਈਆਂ ਸਥਾਪਤ ਕਰਨ ਲਈ ਪ੍ਰੋਤਸਾਹਨ ਤੋਂ ਇਲਾਵਾ ਬਾਰ ਆਪੇ੍ਰਟਰਾਂ ਦੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਇਆ | ਇਸ ਮੌਕੇ ਸੀਨੀਅਰ ਮੈਂਬਰ ਚੌਧਰੀ ਪ੍ਰਤਾਪ ਸਿੰਘ, ਵਿਜੇ ਕਟੀਆ, ਡੀ.ਐੱਚ.ਐੱਸ. ਨਾਰੰਗ, ਮੈਨਨ (ਜੀ.ਐਮ., ਕੰਫਰਟ ਇਨ) ਵੀ ਮੌਜੂਦ ਸਨ | ਸਿਕੰਦਰ ਗੋਇਲ, ਸੌਰਭ ਮਿੱਤਲ, ਰਮਨ ਮਹਿਤਾ, ਸਿਮਰਨਜੀਤ ਸਿੰਘ, ਵਰੁਣ ਗੁਪਤਾ, ਤਰੁਣ ਗੁਪਤਾ, ਜਗਦੀਸ਼ ਗਰੋਵਰ, ਦੀਪਾਂਸ਼ ਮਿੱਤਲ ਅਤੇ ਸ਼ੌਰਿਆ ਅਰੋੜਾ ਵੀ ਮੌਜੂਦ ਸਨ |
ਹੋਟਲ ਇੰਡਸਟਰੀ ਵਧ ਰਹੇ ਸੰਕਟ ਦਾ ਸਾਹਮਣਾ ਕਰ ਰਹੀ <br/>
ਅਜੀਤ ਡੈਸਕ
21-11-2025