28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਨਗਰ ਨਿਗਮ ਦੇ ਜਨਰਲ ਹਾਊਸ ਦੌਰਾਨ 112 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ <br/>

ਅਜੀਤ ਡੈਸਕ 21-11-2025

ਨਿਗਮ ਦੀ ਜਗ੍ਹਾ 'ਤੇ ਨਜਾਇਜ਼ ਕਬਜ਼ੇ ਰੋਕਣ ਲਈ ਬਣੇਗੀ ਕਮੇਟੀ
ਬਠਿੰਡਾ, 20 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਨਗਰ ਨਿਗਮ ਬਠਿੰਡਾ ਦਾ ਜਨਰਲ ਹਾਊਸ ਸੱਦਿਆ ਗਿਆ, ਜਿਸ ਦੀ ਪ੍ਰਧਾਨਗੀ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੀਤੀ, ਉਨ੍ਹਾਂ ਨਾਲ ਨਿਗਮ ਦੇ ਕਮਿਸ਼ਨਰ ਕੰਚਨ, ਜੁਆਇੰਟ ਕਮਿਸ਼ਨਰ ਜਸਪਾਲ ਸਿੰਘ, ਸਹਾਇਕ ਕਮਿਸ਼ਨਰ ਸੁਨੀਲ ਮਹਿਤਾ, ਐਸ.ਈ. ਸੰਦੀਪ ਗੁਪਤਾ, ਐਕਸੀਅਨ ਰਜਿੰਦਰ ਕੁਮਾਰ ਤੇ ਨੀਰਜ ਕੁਮਾਰ ਮੌਜੂਦ ਸਨ | ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਜਨਰਲ ਹਾਊਸ ਦੌਰਾਨ ਕਰੀਬ 112 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਮਤੇ ਪਾਸ ਕੀਤੇ ਗਏ ਹਨ, ਜਿਨ੍ਹਾਂ ਦਾ ਹਾਊਸ 'ਚ ਸ਼ਾਮਿਲ ਸਾਰੀਆਂ ਧਿਰਾਂ ਦੇ ਕੌਂਸਲਰਾਂ ਨੇ ਸਮਰਥਨ ਕੀਤਾ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸ਼ਹਿਰ 'ਚ ਇੰਟਰਲਾਕ ਟਾਈਲਾਂ ਤੇ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ, ਸੰਗੂਆਣਾ ਬਸਤੀ 'ਚ ਸਥਿਤ ਛੱਪੜ ਦੀ ਚਾਰਦੀਵਾਰੀ ਕੀਤੀ ਜਾਵੇਗੀ, ਸੰਤਪੁਰਾ ਰੋਡ ਉੱਪਰ ਇਕ ਟਿਊਬਵੈੱਲ ਸਿਸਟਮ ਸਥਾਪਿਤ ਕੀਤਾ ਜਾਵੇਗਾ, ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ, 1 ਕਰੋੜ 35 ਲੱਖ ਦੀ ਲਾਗਤ ਨਾਲ ਭਾਗੂ ਰੋਡ ਚੌੜਾ ਕੀਤਾ ਜਾਵੇਗਾ, 84 ਲੱਖ ਦੀ ਲਾਗਤ ਨਾਲ ਬੀਬੀ ਵਾਲਾ ਰੋਡ 'ਤੇ ਗਰੀਨ ਬੈਲਟ ਬਣਾਈ ਜਾਵੇਗੀ, ਉੱਧਮ ਸਿੰਘ ਨਗਰ 'ਚ ਕਮਿਊਨਿਟੀ ਹਾਲ ਬਣੇਗਾ, 50 ਲੱਖ ਦੀ ਲਾਗਤ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਜਾਵੇਗਾ, 1 ਕਰੋੜ 75 ਲੱਖ ਦੀ ਲਾਗਤ ਨਾਲ ਰੋਜ਼ ਗਾਰਡਨ ਨਜ਼ਦੀਕ ਆਰਟ ਗੈਲਰੀ ਬਣਾਈ ਜਾਵੇਗੀ ਅਤੇ 2 ਕਰੋੜ 37 ਲੱਖ ਦੀ ਲਾਗਤ ਨਾਲ ਸਰਹਿੰਦ ਨਹਿਰ ਦੇ ਕਿਨਾਰੇ ਪਾਰਕ ਸਥਾਪਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਵੀਂ ਵਾਰਡਬੰਦੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਲਈ 50 ਸਰਵੇ ਟੀਮਾਂ ਦਾ ਗਠਨ ਕੀਤਾ ਹੈ | ਇਸ ਦੌਰਾਨ ਨਿਗਮ ਦੀ ਜਗ੍ਹਾ ਉੱਪਰ ਉੱਠੇ ਨਜਾਇਜ਼ ਕਬਜ਼ਿਆਂ ਦੇ ਮਾਮਲੇ ਸਬੰਧੀ ਮੇਅਰ ਨੇ ਛੇਤੀ ਕੌਂਸਲਰਾਂ ਅਤੇ ਅਧਿਕਾਰੀਆਂ 'ਤੇ ਆਧਾਰਿਤ ਕਮੇਟੀ ਗਠਨ ਕਰਕੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ | ਮੇਅਰ ਨੇ ਸਖ਼ਤ ਸ਼ਬਦਾਂ 'ਚ ਕਿਹਾ ਕਿ ਅਜਿਹੇ ਮਾਮਲਿਆਂ ਸਬੰਧੀ ਕੋਈ ਵੀ ਫਾਈਲ ਨਿਗਮ ਦੇ ਕਿਸੇ ਵੀ ਅਧਿਕਾਰੀ-ਕਰਮਚਾਰੀ ਕੋਲ ਦੋ ਦਿਨਾਂ ਤੋਂ ਵੱਧ ਨਹੀਂ ਰਹੇਗੀ ਤੇ ਅਜਿਹੇ ਮਾਮਲੇ ਨੂੰ ਲਟਕਾਉਣ ਵਾਲੇ ਅਧਿਕਾਰੀ-ਕਰਮਚਾਰੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਕੁੜੇ ਦੀ ਸਾਂਭ-ਸੰਭਾਲ ਦਾ ਮੁੱਦਾ ਵੀ ਭਾਰੂ ਰਿਹਾ, ਜਿਸ ਦਾ ਹੱਲ ਕਰਨ ਲਈ 1 ਦਸੰਬਰ ਨੂੰ ਨਿਗਮ ਵਲੋਂ ਮੁੜ ਵਿਸ਼ੇਸ਼ ਮੀਟਿੰਗ ਸੱਦੀ ਗਈ |
ਬਾਬਾ ਬਹਾਲ ਦਾਸ ਨਗਰ ਤੇ ਭਾਈ ਨੰਦ ਲਾਲ ਚੌਕ ਦੀ ਸਥਾਪਨਾ
ਮੇਅਰ ਨੇ ਦੱਸਿਆ ਕਿ ਵਾਰਡ ਨੰਬਰ 16 ਅਧੀਨ ਪੈਂਦੇ ਪਿੰਡ ਜੱਸੀ ਪੌ ਵਾਲੀ ਦੇ ਖੇਤਰ ਦਾ ਨਾਂਅ ਬਾਬਾ ਬਹਾਲ ਦਾਸ ਨਗਰ ਅਤੇ ਇਸੇ ਵਾਰਡ ਤੋਂ ਗੁਰਦੁਆਰਾ ਹਾਜੀ ਰਤਨ ਸਾਹਿਬ ਨੂੰ ਜਾਂਦੀ ਸੜਕ ਦੇ ਚੌਕ ਦਾ ਨਾਂਅ ਭਾਈ ਨੰਦ ਲਾਲ ਜੀ ਚੌਕ ਰੱਖਿਆ ਗਿਆ ਹੈ |
ਸੈਂਟ ਜੌਸਫ ਸਕੂਲ ਦਾ ਨਜਾਇਜ਼ ਗੇਟ ਬੰਦ ਕਰਨ ਤੇ ਪਾਰਕਿੰਗ ਨਿਗਮ ਅਧੀਨ ਕਰਨ ਦੇ ਹੁਕਮ
ਜਨਰਲ ਹਾਊਸਦੌਰਾਨ ਵੱਡੀ ਗਿਣਤੀ ਕੌਂਸਲਰਾਂ ਵਲੋਂ ਸਥਾਨਕ ਭਾਗੂ ਰੋਡ 'ਤੇ ਸਥਿਤ ਸੈਂਟ ਜੌਸਫ ਕਾਨਵੈਂਟ ਸਕੂਲ ਵਲੋਂ ਕੀਤੇ ਗਏ ਨਜਾਇਜ਼ ਕਬਜ਼ੇ ਦਾ ਮੁੱਦਾ ਭਾਰੂ ਰਿਹਾ, ਜਿਸ 'ਤੇ ਮੇਅਰ ਨੇ ਸਖ਼ਤੀ ਦਿਖਾਉਂਦੇ ਹੋਏ ਨਿਗਮ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਤੁਰੰਤ ਉਕਤ ਸਕੂਲ ਵਲੋਂ ਮੁੱਖ ਸੜਕ ਵੱਲ ਕੱਢਿਆ ਨਜਾਇਜ਼ ਗੇਟ ਬੰਦ ਕੀਤਾ ਜਾਵੇ ਅਤੇ ਸਕੂਲ ਨੇੜੇ ਸਥਿਤ ਨਿਗਮ ਦੀ ਪਾਰਕਿੰਗ ਦਾ ਪ੍ਰਬੰਧ ਨਿਗਮ ਅਧੀਨ ਲਿਆ ਜਾਵੇ | ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਭਾਗੂ ਰੋਡ ਨੂੰ ਚੌੜਾ ਕਰਨ ਦੇ ਮੱਦੇਨਜ਼ਰ ਉਕਤ ਸਕੂਲ ਨੂੰ ਕੀਤੀ ਹੋਈ ਨਿਸ਼ਾਨਦੇਹੀ ਤੱਕ ਸਕੂਲ ਦੀ ਕੰਧ ਹਟਾਉਣ ਲਈ ਕਿਹਾ ਜਾਵੇ ਤੇ ਅਜਿਹਾ ਹੋਣ 'ਤੇ ਆਉਣ ਵਾਲੇ ਦੋ-ਤਿੰਨ ਦਿਨਾਂ 'ਚ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ |

ਪਿਛਲੀ ਖ਼ਬਰ ਹੋਟਲ ਇੰਡਸਟਰੀ ਵਧ ਰਹੇ ਸੰਕਟ ਦਾ ਸਾਹਮਣਾ ਕਰ ਰਹੀ <br/> ਅਗਲੀ ਖ਼ਬਰ ਸਿਲਵਰ ਓਕਸ ਸਕੂਲ ਲਹਿਰਾ ਬੇਗਾ ਵਿਖੇ ਬੱਚਿਆਂ ਨੂੰ ਗੁੱਡ ਟੱਚ ਤੇ ਬੈਡ ਟੱਚ, ਆਤਮ ਰੱਖਿਆ ਦੇ ਹੁਨਰ ਬਾਰੇ ਕੀਤਾ ਜਾਗਰੂਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।