ਬਠਿੰਡਾ, 17 ਜੁਲਾਈ (ਪੱਤਰ ਪ੍ਰੇਰਕ)-ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਬਿਨ੍ਹਾਂ ਮਨਜ਼ੂਰੀ ਦੇ ਇਕ ਰੈਸਟੋਂਰੈਂਟ 'ਚ ਹੁੱਕਾ ਪੀਣ ਦੀ ਸਹੂਲਤ ਦੇਣ ਵਾਲੇ ਪ੍ਰਬੰਧਕ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ, ਜਦਕਿ ਬਾਅਦ ਸਬੰਧਿਤ ਨੂੰ ਪੁਲਿਸ ਵਲੋਂ ਜ਼ਮਾਨਤ ਉੱਪਰ ਰਿਹਾਅ ਕਰ ਦਿੱਤਾ ਗਿਆ ਹੈ | ਥਾਣਾ ਸਿਵਲ ਲਾਈਨ ਦੇ ਮੁੱਖ ਅਧਿਕਾਰੀ ਇੰਸ: ਹਰਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਾਨ ਮਿਲੀ ਸੀ ਕਿ ਸਥਾਨਕ ਮਾਡਲ ਟਾਊਨ ਫੇਸ-3 ਵਿਚ ਇਕ ਰੈਸਟੋਂਰੈਂਟ ਦੇ ਪ੍ਰਬੰਧਕ ਵਲੋਂ ਬਿਨ੍ਹਾਂ ਪਰਮਿਟ ਦੇ ਆਮ ਲੋਕਾਂ ਨੂੰ ਹੁੱਕਾ ਸਰਵ ਕਰਵਾਇਆ ਜਾ ਰਿਹਾ, ਜਿਸ ਦੇ ਆਧਾਰ 'ਤੇ ਜਦੋਂ ਉਕਤ ਰੈਸਟੋਂਰੈਂਟ ਵਿਚ ਛਾਪੇਮਾਰੀ ਕੀਤੀ ਗਈ ਤਾਂ ਉਕਤ ਸੂਚਨਾ ਦਰੁੱਸਤ ਪਾਈ ਗਈ, ਜਿਸ ਦੇ ਆਧਾਰ 'ਤੇ ਰੈਸਟੋਂਰੈਂਟ ਦੇ ਪ੍ਰਬੰਧਕ ਅਮਰਜੀਤ ਸਿੰਘ ਵਾਸੀ ਲਾਲ ਸਿੰਘ ਬਸਤੀ ਨੂੰ ਗਿ੍ਫ਼ਤਾਰ ਕਰਦਿਆਂ ਉਸ ਦੇ ਖਿਲਾਫ਼ ਥਾਣਾ ਸਿਵਲ ਲਾਈਨ 'ਚ ਮੁਕੱਦਮਾ ਦਰਜ ਕੀਤਾ ਗਿਆ | ਥਾਣਾ ਮੁਖੀ ਨੇ ਦੱਸਿਆ ਕਿ ਲੋੜੀਂਦੇ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਉਣ ਬਾਅਦ ਕਥਿਤ ਦੋਸ਼ੀ ਨੂੰ ਜ਼ਮਾਨਤ ਉੱਪਰ ਰਿਹਾਅ ਕਰ ਦਿੱਤਾ ਗਿਆ |