ਬਠਿੰਡਾ - ਸ਼ਹੀਦ ਕਰਮ ਸਿੰਘ ਨਰੂਆਣਾ (ਸਮੁੰਦਰੀ ਸੈਨਾ) ਬਠਿੰਡਾ ਜ਼ਿਲ੍ਹੇ ਦੇ ਇਕੋ-ਇਕ ਜਲ ਸੈਨਿਕ ਸ਼ਹੀਦ ਹਨ | ਜਿਨ੍ਹਾਂ ਦਾ ਜਨਮ 8 ਅਗਸਤ 1947 ਨੂੰ ਪਿਤਾ ਜੱਗਰ ਸਿੰਘ ਦੇ ਘਰ ਪਿੰਡ ਨਰੂਆਣਾ ਵਿਖੇ ਹੋਇਆ | ਕਰਮ ਸਿੰਘ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਸਾਲ 1965 ਵਿਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਤੋਂ ਕੀਤੀ ਅਤੇ ਅਗਲੇ ਸਾਲ 1966 ਵਿਚ ਭਾਰਤੀ ਜਲ ਸੈਨਾ ਵਿਚ ਭਰਤੀ ਹੋ ਕੇ ਮੁੰਬਈ ਚਲੇ ਗਏ | ਉਨ੍ਹਾਂ ਦਾ ਵਿਆਹ ਸੁਖਦੇਵ ਕੌਰ ਨਾਲ ਹੋਇਆ | ਸੰਨ 1971 ਦੀ ਭਾਰਤ-ਪਾਕਿਸਤਾਨ ਜੰਗ ਸਮੇਂ ਕਰਮ ਸਿੰਘ 9 ਦਸੰਬਰ 1971 ਨੂੰ ਆਈ. ਐੈਨ. ਐਸ. ਖੁਕਰੀ ਨਾਮੀ ਸਮੁੰਦਰੀ ਜਹਾਜ਼ ਉੱਪਰ ਹੋਏ ਹਮਲੇ ਦੌਰਾਨ ਸ਼ਹੀਦ ਹੋ ਗਏ | ਸ਼ਹੀਦ ਦੀ ਯਾਦ ਨੂੰ ਅਮਰ ਰੱਖਣ ਲਈ ਪੰਜਾਬ ਸਰਕਾਰ ਨੇ ਨਰੂਆਣਾ ਤੋਂ ਜੋਧਪੁਰ ਰੋਮਾਣਾ ਸੜਕ ਅਤੇ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਸ਼ਹੀਦ ਕਰਮ ਸਿੰਘ ਰੱਖ ਕੇ ਪਰਿਵਾਰ ਅਤੇ ਪਿੰਡ ਨੂੰ ਮਾਣ ਬਖ਼ਸ਼ਿਆ ਹੋਇਆ ਹੈ | ਇਸ ਤੋਂ ਇਲਾਵਾ ਲੇਖਕ ਲਾਭ ਸਿੰਘ ਸੰਧੂ ਨੇ ਜ਼ਿੰਦਗੀ-ਨਾਮਾ ਸ਼ਹੀਦ ਕਰਮ ਸਿੰਘ ਪੁਸਤਕ ਵੀ ਸੰਪਾਦਕ ਕੀਤੀ | ਪਿੰਡ ਦੀ ਪੰਚਾਇਤ ਅਤੇ ਸਾਬਕਾ ਫ਼ੌਜੀਆਂ ਨੇ ਸ਼ਹੀਦ ਦਾ ਬੁੱਤ ਸਥਾਪਿਤ ਕੀਤਾ ਹੋਇਆ ਹੈ | ਹਮੇਸ਼ਾ ਵਾਂਗ ਇਸ ਵਾਰ ਵੀ ਸ਼ਹੀਦ ਕਰਮ ਸਿੰਘ ਦਾ ਪਿੰਡ ਵਿਚ ਸ਼ਹੀਦੀ ਸਮਾਗਮ 9 ਦਸੰਬਰ 2025 ਨੂੰ ਮਨਾਇਆ ਜਾ ਰਿਹਾ ਹੈ | ਵਲੋਂ:- ਅੰਮਿ੍ਤਪਾਲ ਸਿੰਘ ਵਲ੍ਹਾਣ