ਬਠਿੰਡਾ, 19 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ): ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ, ਕਾਰਜਕਾਰੀ ਪ੍ਰਧਾਨ ਬੂਟਾ ਸਿੰਘ ਰਣਸੀਂਹ ਅਤੇ ਸਕੱਤਰ ਜਨਰਲ ਜਤਿੰਦਰ ਸਿੰਘ ਈਸੜੂ ਨੇ ਇਕ ਸਾਂਝੇ ਬਿਆਨ ਵਿਚ ਤਰਨ ਤਾਰਨ ਵਿਧਾਨ ਸਭਾ ਦੀ ਹੋਈ ਉਪ ਚੋਣ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਹੁਣ 'ਪੰਜਾਬ, ਜਮਹੂਰੀਅਤ ਦੇ ਭਵਿੱਖ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ | ਚੋਣਾਂ ਵਿਚ ਕੁਝ ਮੀਡੀਆ ਤੇ ਬੁੱਧੀਜੀਵੀਆਂ ਦੀ ਚੁੱਪ ਦੁਖਦਾਈ ਅਤੇ ਸੁੰਨ ਹੋ ਰਹੀ ਮਾਨਸਿਕਤਾ ਦੀ ਪ੍ਰਤੀਕ ਹੈ¢ ਉਨ੍ਹਾਂ ਕਿਹਾ ਕਿ ਜਦੋਂ ਦਿਨ ਦਿਹਾੜੇ ਜਮਹੂਰੀਅਤ 'ਤੇ ਡਾਕੇ ਵੱਜ ਰਹੇ ਹੋਣ ਤਾਂ ਪ੍ਰਸ਼ਾਸਨ ਵਿਸ਼ੇਸ਼ ਕਰਕੇ ਪੰਜਾਬ ਦਾ ਡੀ.ਜੀ.ਪੀ. ਅਤੇ ਪ੍ਰਸ਼ਾਸਨ ਇਖਲਾਕੀ ਤੌਰ 'ਤੇ ਜ਼ਿੰਮੇਵਾਰ ਹਨ | ਯੂਨਾਈਟਿਡ ਅਕਾਲੀ ਦਲ ਨੇ ਮੰਗ ਕਰਦਾ ਹੈ ਕਿ ਇਸ ਚੋਣ ਦੇ ਵਿਚ ਜੋ ਕੁਝ ਵਾਪਰਿਆ, ਉਸਦੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਜਾਂ ਸੀ.ਬੀ.ਆਈ. ਦੁਆਰਾ ਕੀਤੀ ਜਾਵੇ | ਉਨ੍ਹਾਂ ਦੋਸ਼ ਲਾਇਆ ਕਿ ਤਰਨ ਤਾਰਨ ਵਿਚ ਦੋ ਗੈਂਗਸਟਰਾਂ ਦੇ ਬਾਠ ਗਰੁੱਪ ਅਤੇ ਚੀਮਾ ਗਰੁੱਪ ਵਿਰੱੁਧ ਕਤਲਾਂ ਦੇ ਕੇਸ ਦਰਜ ਹਨ¢ ਜਿਨ੍ਹਾਂ ਨੇ ਕੁਝ ਪਿੰਡਾਂ ਵਿਚ ਵਿਰੋਧੀ ਧਿਰਾਂ ਦੇ ਕੈਂਪ ਵੀ ਨਹੀਂ ਲੱਗਣ ਦਿੱਤੇ, ਲੋਕਾਂ ਨੂੰ ਕਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ¢ ਉਨ੍ਹਾਂ ਕਿਹਾ ਕਿ ਇਕ ਐਸ.ਐਸ.ਪੀ. ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਗੈਂਗਸਟਰ ਪੈਦਾ ਕਰਨ ਵਾਲੇ ਰਾਜਸੀ ਆਗੂਆਂ ਨੂੰ ਗਿ੍ਫ਼ਤਾਰ ਕਰਨਾ ਚਾਹੀਦਾ ਹੈ, ਕੁਝ ਬੁੱਧੀ ਜੀਵੀ ਅਤੇ ਕੁਝ ਪੱਤਰਕਾਰਾਂ ਦੀਆਂ ਵਿਕਾਊ ਕਲਮਾਂ ਇਕ ਝੂਠਾ ਵਿਰਤਾਂਤ ਸਿਰਜਣ ਲਈ ਯਤਨਸ਼ੀਲ ਹਨ | ਜਿਹੜਾ ਕਿਸੇ ਵੀ ਕੀਮਤ ਉੱਤੇ ਸਫਲ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਸਰਦਾਰ ਮਨਦੀਪ ਨੂੰ ਬਿਨ੍ਹਾਂ ਕਿਸੇ ਸੁਹਿਰਦ ਤਾਲਮੇਲ ਹੋਣ ਦੇ ਬਾਵਜੂਦ 20 ਹਜ਼ਾਰ ਵੋਟਾਂ ਪਈਆਂ, ਇਹ ਪੰਜਾਬ ਦੇ ਚੰਗੇ ਭਵਿੱਖ ਅਤੇ ਜਿਉਂਦੀਆਂ ਜਮੀਰਾਂ ਦਾ ਸਪੱਸ਼ਟ ਸਬੂਤ ਹੈ, ਕਿਉਂਕਿ ਮਨਦੀਪ ਸਿੰਘ ਅਤੇ ਉੱਥੋਂ ਦੀਆਂ ਸਾਰੀਆਂ ਪੰਥਕ ਪਾਰਟੀਆਂ ਨੇ ਇਹ ਚੋਣ ਖ਼ਾਲਿਸਤਾਨ ਦੇ ਮੁੱਦੇ 'ਤੇ ਨਹੀਂ ਬਲਕਿ ਇਹ ਜਬਰ ਅਤੇ ਇਨਸਾਫ਼ ਲਈ ਲੜੀ ਸੀ¢