ਤਲਵੰਡੀ ਸਾਬੋ, 21 ਜੁਲਾਈ (ਰਣਜੀਤ ਸਿੰਘ ਰਾਜੂ)-ਲੱਖੀ ਜੰਗਲ ਖਾਲਸਾ ਜਥੇ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਬੰਧਕੀ ਯੁਗਤ ਨੂੰ ਨਵਿਆਉਣ ਲਈ ਬੀਤੇ ਦਿਨ ਵਿਚਾਰ ਹਿੱਤ ਗੋਸ਼ਟਿ ਸਭਾ ਕਰਵਾਈ ਗਈ, ਜਿਸ ਵਿਚ ਵੱਖ-ਵੱਖ ਸਿੱਖ ਜਥਿਆਂ ਦੇ ਨੁਮਾਇੰਦਿਆਂ ਅਤੇ ਸਿੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ | ਬੁੰਗਾ ਰਵਿਦਾਸੀਆਂ ਸਿੰਘਾਂ ਦਮਦਮਾ ਸਾਹਿਬ ਵਿਖੇ ਹੋਈ ਇਸ ਗੋਸ਼ਟਿ ਸਭਾ ਵਿਚ ਸਾਂਝੇ ਰੂਪ ਵਿਚ ਇਹ ਗੱਲ ਉੱਭਰ ਕੇ ਆਈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਪ੍ਰਬੰਧ ਵਿਚ ਤਖਤ ਸਾਹਿਬ ਦੀ ਸੇਵਾ ਸੰਭਾਲ ਇਕ ਅਜ਼ਾਦ ਜਥੇ ਕੋਲ ਨਾ ਹੋ ਕੇ ਵੋਟਤੰਤਰ ਵਾਲੀ ਇਕ ਪਾਰਟੀ ਤੇ ਉਸ ਵਿਚ ਵੀ ਇਕ ਵਿਅਕਤੀ ਵਿਸ਼ੇਸ਼ ਕੋਲ ਹੈ ਜੋ ਖੁਦ ਦੂਸਰੀਆਂ ਸੰਸਥਾਵਾਂ ਦੇ ਕੁੰਡੇ ਹੇਠ ਹੈ | ਗੋਸ਼ਟਿ 'ਚ ਵਿਚਾਰ ਰੱਖਦਿਆਂ ਆਗੂਆਂ ਨੇ ਕਿਹਾ ਕਿ ਇਹ ਵਰਤਮਾਨ ਬਣਤਰ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਖ਼ ਦੀ ਗਿਰਾਵਟ ਦਾ ਮੁੱਖ ਕਾਰਨ ਹੈ ਕਿਉਂਕਿ ਸਿਆਸੀ ਪਾਰਟੀਆਂ ਅਕਸਰ ਹੀ ਆਪਣੇ ਸੱਤਾ ਸੁਖ ਨੂੰ ਮਾਨਣ ਦੇ ਲਾਲਚ ਵਿਚ ਸਰਬੱਤ ਖਾਲਸਾ, ਪੰਥ ਦੀ ਸ਼ਮੂਲੀਅਤ ਤੋਂ ਬਿਨ੍ਹਾਂ ਅਤੇ ਬਗੈਰ ਕਿਸੇ ਵਿਧੀ ਵਿਧਾਨ ਦੇ ਆਪਣੀ ਮਨਮਰਜ਼ੀ ਦੇ ਫੈਸਲੇ ਲੈਂਦੀਆਂ ਹਨ | ਉਨ੍ਹਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿਰਮੌਰ ਅਤੇ ਸੁਤੰਤਰ ਸੰਸਥਾ ਹੈ, ਇਹ ਗੁਰੂ ਖਾਲਸਾ ਪੰਥ ਦੀ ਪ੍ਰਭੂਸੱਤਾ ਤੇ ਸਰਵ ਵਿਆਪਕਤਾ ਦਾ ਪ੍ਰਤੀਕ ਹੈ ਜੋ ਦੁਨੀਆਂ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ | ਇਸ ਲਈ ਇਹ ਕਿਸੇ ਦੁਨਿਆਵੀ ਤਾਕਤ ਜਾਂ ਕਾਨੂੰਨ ਦੇ ਅਧੀਨ ਨਹੀਂ ਹੋ ਸਕਦਾ | ਸਭਾ ਦੀ ਆਰੰਭਤਾ ਤੋਂ ਪਹਿਲਾਂ ਗੁਰਮਤਿ ਮਰਿਆਦਾ ਮੁਤਾਬਿਕ ਸੰਗਤਾਂ ਨੇ ਰਸਭਿੰਨੇ ਕੀਰਤਨ ਦਾ ਆਨੰਦ ਮਾਣਿਆ | ਇਸ ਮੌਕੇ ਭਾਈ ਦਲਜੀਤ ਸਿੰਘ, ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਮਨਧੀਰ ਸਿੰਘ, ਭਾਈ ਬਲਜਿੰਦਰ ਸਿੰਘ ਸਰਦੂਲਗੜ੍ਹ, ਭਾਈ ਜਸਵਿੰਦਰ ਸਿੰਘ ਕੁੰਡਲ, ਬਾਬਾ ਜਗਦੇਵ ਸਿੰਘ ਮਾਨਸਾ, ਸਿੱਖ ਪ੍ਰਚਾਰਕ ਜਗਤਾਰ ਸਿੰਘ, ਭਾਈ ਮਲਕੀਤ ਸਿੰਘ ਭਵਾਨੀਗੜ੍ਹ, ਭਾਈ ਸਵਰਨ ਸਿੰਘ ਕੋਟਧਰਮੂ,ਗੁਰਵਿੰਦਰ ਸਿੰਘ ਬਠਿੰਡਾ, ਭਾਈ ਰਾਜਵਿੰਦਰ ਸਿੰਘ , ਗੁਰਜੀਤ ਸਿੰਘ ਦੁੱਗਾ, ਗਮਦੂਰ ਸਿੰਘ ਤੇ ਹੋਰ ਹਾਜ਼ਰ ਸਨ |