ਭੁੱਚੋ ਮੰਡੀ, 19 ਜੁਲਾਈ (ਪਰਵਿੰਦਰ ਸਿੰਘ ਜੌੜਾ)-ਤੁੰਗਵਾਲੀ ਦੀ ਸ਼ੰਕਰਾਪੁਰੀ ਪੱਤੀ ਵਾਲੀ ਮੁੱਖ ਗਲੀ ਵੱਲ ਕਿਸੇ ਸਰਕਾਰ ਦੀ ਸੁਵੱਲੀ ਨਜ਼ਰ ਨਹੀਂ ਪਈ ਹੈ | ਇਹ ਗਲੀ ਲੰਮੇ ਸਮੇਂ ਤੋਂ ਨੀਵੀਂ ਹੋਣ ਕਰਕੇ ਇੱਥੇ ਤਕਰੀਬਨ ਹਰ ਵੇਲੇ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ | ਬਰਸਾਤਾਂ ਦੇ ਦਿਨਾਂ ਵਿਚ ਮੁਸ਼ਕਿਲ ਹੋਰ ਵਧ ਜਾਂਦੀ ਹੈ | ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜ ਗਿੱਲ) ਬਲਾਕ ਨਥਾਣਾ ਦੇ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਦਾ ਕਹਿਣਾ ਹੈ ਕਿ ਉਕਤ ਗਲੀ ਵਿਖੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਹਰ ਸਮਾਂ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ, ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਸਕੂਲੀ ਵਿਦਿਆਰਥੀਆਂ ਦੀਆਂ ਇੱਥੋਂ ਲੰਘਣ ਸਮੇਂ ਵਰਦੀਆਂ ਗੰਦੀਆਂ ਹੋ ਜਾਂਦੀਆਂ ਹਨ | ਉਨ੍ਹਾਂ ਸਰਕਾਰ, ਪ੍ਰਸ਼ਾਸਨ ਅਤੇ ਪਿੰਡ ਪੰਚਾਇਤ ਤੋਂ ਮੰਗ ਕੀਤੀ ਕਿ ਉਕਤ ਗਲੀ ਨੂੰ ਉੱਚਾ ਕਰਕੇ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਰਾਹਤ ਮਿਲੇ | ਇਸ ਮੌਕੇ ਸੁਖਦੇਵ ਸਿੰਘ, ਮਲਕੀਤ ਸਿੰਘ, ਹਰਜੀਤ ਕੁਮਾਰ, ਦਰਸ਼ਨ ਸਿੰਘ, ਸਰਬਜੀਤ ਸਿੰਘ, ਕੌਰ ਸਿੰਘ, ਜੱਗਾ ਸਿੰਘ, ਗੁਰਜੰਟ ਸਿੰਘ ਤੇ ਅਮਰ ਸਿੰਘ ਵੀ ਮੌਜੂਦ ਸਨ |