30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਬਜ਼ੁਰਗ ਮਹਿਲਾ ਦੀ ਮੌਤ ਦਾ ਕਾਰਨ ਬਣਿਆ, ਪੋਤੀ ਦਾ ਅਦਾਲਤੀ ਵਿਆਹ <br/>

ਅਜੀਤ ਡੈਸਕ 20-07-2025
ਰਾਮਾਂ ਮੰਡੀ, 19 ਜੁਲਾਈ (ਤਰਸੇਮ ਸਿੰਗਲਾ)-ਨੇੜਲੇ ਪਿੰਡ ਸੇਖੂ ਵਿਖੇ ਇਕ ਬਜ਼ੁਰਗ ਮਹਿਲਾ ਦੀ ਜ਼ਹਿਰੀਲੀ ਵਸਤੂ ਨਿਗਲਣ ਨਾਲ ਹੋਈ ਮੌਤ ਦਾ ਕਾਰਨ ਉਸ ਦੀ ਪੋਤੀ ਵਲੋਂ ਚੱੁਪ ਚੁਪੀਤੇ ਕਰਵਾਇਆ ਅਦਾਲਤੀ ਵਿਆਹ ਦੱਸਿਆ ਗਿਆ ਹੈ | ਪੀੜਤਾ ਕੁਲਵਿੰਦਰ ਕੌਰ ਪਤਨੀ ਹਰਵਿੰਦਰ ਸਿੰਘ ਵਾਸੀ ਪਿੰਡ ਸੇਖੂ ਨੇ ਰਾਮਾਂ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਮੇਰੇ ਵਿਆਹ ਤੋਂ ਪਹਿਲਾਂ ਮੇਰਾ ਪਤੀ ਹਰਵਿੰਦਰ ਸਿੰਘ ਸ਼ਾਦੀਸ਼ੁਦਾ ਸੀ, ਜਿਸ ਦੇ ਇਕ ਲੜਕੀ ਸੁਖਪ੍ਰੀਤ ਕੌਰ ਉਮਰ 12 ਸਾਲ | ਹਰਵਿੰਦਰ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਹੀ ਮੇਰਾ ਉਕਤ ਹਰਵਿੰਦਰ ਸਿੰਘ ਨਾਲ ਕਰੀਬ 10 ਸਾਲ ਪਹਿਲਾਂ ਵਿਆਹ ਹੋਇਆ ਸੀ | ਉਸ ਤੋਂ ਬਾਅਦ ਮੈਂ ਹੀ ਉਕਤ ਸੁਖਪ੍ਰੀਤ ਕੌਰ ਦੀ ਦੇਖ-ਰੇਖ ਕਰਦੀ ਹਾਂ ਅਤੇ ਮੇਰੀ ਸੱਸ ਸੁਖਪ੍ਰੀਤ ਕੌਰ ਦੀ ਦਾਦੀ ਜਸਮੇਲ ਕੌਰ ਵੀ ਇਕਲੌਤੀ ਪੋਤੀ ਹੋਣ ਕਰਕੇ ਉਸ ਦੀ ਦੇਖਭਾਲ ਕਰਦੀ ਸੀ | ਸੁਖਪ੍ਰੀਤ ਕੌਰ ਨੇ 12ਵੀਂ ਕਲਾਸ ਪਿੰਡ ਦੇ ਹੀ ਸਰਕਾਰੀ ਸਕੂਲ ਸੇਖੂ ਤੋਂ ਪਾਸ ਕੀਤੀ ਸੀ | ਸਾਡੇ ਅੱਗੇ ਹੋਰ ਪੜ੍ਹਾਈ ਕਰਨ ਦਾ ਬਹਾਨਾ ਬਣਾ ਕੇ ਪਿਛਲੇ ਕਰੀਬ 2 ਮਹੀਨਿਆਂ ਤੋਂ ਸੁਖਪ੍ਰੀਤ ਕੌਰ ਬਠਿੰਡਾ ਵਿਖੇ ਹੀ ਰਹਿ ਰਹੀ ਹੈ | ਜਿਥੇ ਸੁਖਪ੍ਰੀਤ ਕੌਰ ਨੇ ਚੁਪ ਚੁਪੀਤੇ ਬਿਨ੍ਹਾਂ ਪਰਿਵਾਰ ਨੂੰ ਦੱਸੇ ਪਿੰਡ ਦੇ ਹੀ ਲਵਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨਾਲ ਅਦਾਲਤੀ ਵਿਆਹ ਕਰਵਾ ਲਿਆ | ਬੀਤੀ 16 ਜੁਲਾਈ ਨੂੰ ਮੇਰੀ ਸੱਸ ਜਸਮੇਲ ਕੌਰ ਨੂੰ ਕਿਸੇ ਨਾਮਲੂਮ ਵਿਅਕਤੀ ਰਾਹੀਂ ਸੁਖਪ੍ਰੀਤ ਕੌਰ ਵਲੋਂ ਪਿੰਡ ਦੇ ਹੀ ਲਵਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨਾਲ ਸਾਨੂੰ ਬਿਨ੍ਹਾਂ ਦੱਸੇ ਵਿਆਹ ਕਰਵਾਉਣ ਬਾਰੇ ਪਤਾ ਲੱਗਿਆ ਤਾਂ ਜਸਮੇਲ ਕੌਰ ਨੇ ਦੁਖੀ ਹੋ ਕੇ 17 ਜੁਲਾਈ ਨੂੰ ਰਾਤ ਸਮੇਂ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਦਾ ਪਤਾ ਸਵੇਰੇ ਉਸ ਸਮੇਂ ਮੈਨੂੰ ਲੱਗਿਆ ਜਦੋਂ ਉਹ ਉਲਟੀਆਂ ਕਰ ਰਹੀ ਸੀ | ਸਾਡੇ ਵਲੋਂ ਪੁੱਛਣ 'ਤੇ ਮੇਰੀ ਸੱਸ ਜਸਮੇਲ ਕੌਰ ਨੇ ਸਾਨੂੰ ਦੱਸਿਆ ਕਿ ਮੈਨੂੰ ਪਤਾ ਲੱਗਿਆ ਹੈ ਕਿ ਆਪਣੀ ਸੁਖਪ੍ਰੀਤ ਕੌਰ ਨੇ ਪਿੰਡ ਦੇ ਹੀ ਲਵਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨਾਲ ਚੱੁਪ ਚੁਪੀਤੇ ਵਿਆਹ ਕਰਵਾ ਲਿਆ ਹੈ | ਮੈਨੂੰ ਇਹ ਚੰਗਾ ਨਹੀਂ ਲੱਗਿਆ, ਇਸ ਨਾਲ ਮੇਰੀ ਸਾਰੇ ਪਿੰਡ 'ਚ ਬੇਇੱਜ਼ਤੀ ਹੋਈ ਹੈ, ਮੈਂ ਹੁਣ ਬਾਹਰ ਪਿੰਡ 'ਚ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹੀ, ਮੈਂ ਉਨ੍ਹਾਂ ਦੇ ਪ੍ਰੇਮ ਵਿਆਹ ਤੋਂ ਦੁਖੀ ਹੋ ਕੇ ਸਪਰੇਅ ਪੀ ਲਈ ਹੈ | ਅਸੀਂ ਜਸਮੇਲ ਕੌਰ ਨੂੰ ਤੁਰੰਤ ਇਲਾਜ ਲਈ ਜਿੰਦਲ ਹਸਪਤਾਲ ਤਲਵੰਡੀ ਸਾਬੋ ਦਾਖਲ ਕਰਵਾਇਆ, ਜਿਥੋਂ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ | ਜਿਥੇ ਮੇਰੀ ਸੱਸ ਦੀ ਦੌਰਾਨੇ ਇਲਾਜ ਅੱਜ ਸਵੇਰੇ 5 ਕੁ ਵਜੇ ਮੌਤ ਹੋ ਗਈ ਹੈ | ਮੇਰੀ ਸੱਸ ਜਸਮੇਲ ਕੌਰ ਨੇ ਸੁਖਪ੍ਰੀਤ ਕੌਰ ਤੇ ਲਵਪ੍ਰੀਤ ਸਿੰਘ ਦੋ ਵਿਆਹ ਤੋਂ ਦੁਖੀ ਹੋ ਕੇ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ | ਜਿਸ 'ਚ ਲਵਪ੍ਰੀਤ ਸਿੰਘ ਦੇ ਮਾਤਾ-ਪਿਤਾ ਦਾ ਵੀ ਹੱਥ ਹੈ | ਪੀੜਤ ਕੁਲਵਿੰਦਰ ਕੌਰ ਦੇ ਬਿਆਨਾਂ 'ਤੇ ਰਿਫ਼ਾਇਨਰੀ ਪੁਲਿਸ ਚੌਕੀ ਵਿਖੇ ਸੁਖਪ੍ਰੀਤ ਕੌਰ ਉਸ ਦੇ ਪਤੀ ਲਵਪ੍ਰੀਤ ਸਿੰਘ, ਲੜਕੇ ਦੀ ਮਾਤਾ ਪਰਵਿੰਦਰ ਕੌਰ ਤੇ ਪਿਤਾ ਗੁਰਪ੍ਰੀਤ ਸਿੰਘ ਵਾਸੀਆਨ ਸੇਖੂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ | ਮਾਮਲੇ ਦੀ ਜਾਂਚ ਏ. ਐਸ. ਆਈ. ਪਰਵਿੰਦਰ ਸਿੰਘ ਕਰ ਰਹੇ ਹਨ |

ਪਿਛਲੀ ਖ਼ਬਰ ਨਿੱਜੀ ਸਕੂਲ ਦੀ ਬੱਚਿਆਂ ਨਾਲ ਭਰੀ ਵੈਨ ਪਲਟੀ, ਜਾਨੀ ਨੁਕਸਾਨ ਤੋਂ ਬਚਾਅ <br/> ਅਗਲੀ ਖ਼ਬਰ ਬਠਿੰਡਾ ਬਰਨਾਲਾ ਹਾਈਵੇ 'ਤੇ 6 ਗਊ ਵੰਸ਼ਾਂ ਦੀ ਭੇਦ ਭਰੀ ਹਾਲਤ 'ਚ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।