ਬਾਲਿਆਂਵਾਲੀ, 16 ਜੁਲਾਈ (ਪੱਤਰ ਪ੍ਰੇਰਕ)-ਦਿਨੋਂ-ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਬਚਾਉਣ ਲਈ ਜਿੱਥੇ ਕਈ ਸਮਾਜ ਸੇਵੀ ਸੰਸਥਾਵਾਂ ਤੇ ਵਾਤਾਵਰਨ ਪ੍ਰੇਮੀ ਹਰ ਰੋਜ਼ ਬੂਟੇ ਲਗਾਕੇ ਉਨ੍ਹਾਂ ਨੂੰ ਸੰਭਾਲ ਰਹੇ ਹਨ ਤਾਂਕਿ ਉੱਜੜਦੇ ਜਾ ਰਹੇ ਰੁੱਖਾਂ ਦੀ ਹੋਂਦ ਨੂੰ ਬਚਾਇਆ ਜਾ ਸਕੇ ਪਰ ਬਾਲਿਆਂਵਾਲੀ ਵਿਖੇ ਰਾਮ ਲੀਲ੍ਹਾ ਗਰਾਉਂਡ 'ਚ ਲੱਗੇ ਬੋਹੜ ਦੇ ਸੰਘਣੇ ਤੇ ਛਾਂਦਾਰ ਪੁਰਾਣੇ ਦਰੱਖਤ ਦੇ ਟਾਹਣਿਆਂ ਨੂੰ ਦੋ ਪਿਉ-ਪੁੱਤਾਂ ਵਲੋਂ ਨਿੱਜੀ ਮੁਫ਼ਾਦਾਂ ਲਈ ਵੱਡਕੇ ਖੁਰਦ-ਬੁਰਦ ਕੀਤੇ ਜਾਣ ਦੀ ਖ਼ਬਰ ਹੈ | ਸ਼ੋਸ਼ਲ ਵਰਕਰ ਤੇ ਰਾਮ ਨਾਟਕ ਕਲੱਬ ਦੇ ਪ੍ਰਧਾਨ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਭਾਜਪਾ ਆਗੂ ਬੀਰਬਲ ਦਾਸ ਅਤੇ ਉਸ ਦਾ ਪੁੱਤਰ ਸਾਹਿਲ ਕੁਮਾਰ ਵਾਸੀ ਬਾਲਿਆਂਵਾਲੀ ਜੋ ਕਿ ਲੀਲ੍ਹਾ ਗਰਾਉਂਡ 'ਚ ਬਣੀ ਸਟੇਜ ਦੇ ਪਿਛਲੇ ਪਾਸੇ ਆਪਣੀਆਂ ਦੁਕਾਨਾਂ ਬਣਾ ਰਹੇ ਹਨ, ਸਟੇਜ ਦੇ ਨਾਲ ਹੀ ਕਈ ਦਹਾਕਿਆਂ ਤੋਂ ਲੱਗਿਆ ਬਹੁਤ ਵਿਸ਼ਾਲ ਗੋਲ ਘੇਰੇ ਵਾਲੇ ਬੋਹੜ ਦਾ ਦਰੱਖਤ ਨੂੰ ਉਕਤ ਵਿਅਕਤੀਆਂ ਨੇ ਬਗੈਰ ਪੰਚਾਇਤੀ ਮਨਜ਼ੂਰੀ ਤੋਂ ਮਿਤੀ 12 ਜਲਾਈ 2025 ਨੂੰ ਬੋਹੜ ਦੇ ਵਿਸ਼ਾਲ ਗੋਲ ਘੇਰੇ ਵਾਲੇ ਲਗਭਗ 10-12 ਇੰਚ ਮੋਟੇ ਪੋਰ ਵਾਲੇ ਟਾਹਣਿਆਂ ਨੂੰ ਆਪਣੇ ਮਜ਼ਦੂਰਾਂ ਤੋਂ ਵੱਢਵਾਕੇ ਦਰੱਖਤ ਦੇ ਗੋਲ ਘੇਰੇ ਨੂੰ ਨਸ਼ਟ ਕਰ ਦਿੱਤਾ | ਕਾਰਨ ਇਹ ਕਿ ਉਕਤ ਵਿਅਕਤੀਆਂ ਵਲੋਂ ਜੋ ਦੁਕਾਨਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ, ਪਰ ਦੁਕਾਨਾਂ ਸੰਘਣੇ ਬੋਹੜ ਦੇ ਗੋਲ ਘੇਰੇ ਕਾਰਨ ਬਾਲਿਆਂਵਾਲੀ ਦੇ ਬਾਜ਼ਰ 'ਚ ਦਿਖਾਈ ਨਹੀਂ ਦਿੰਦੀਆਂ ਸਨ | ਕੁਲਦੀਪ ਸ਼ਰਮਾ ਨੇ ਦੱਸਿਆ ਕਿ ਬੀਰਬਲ ਤੇ ਉਸ ਦਾ ਪੁੱਤਰ ਸਾਹਿਲ ਕੁਮਾਰ ਨੇ ਨਾਮਾਲੂਮ ਮਜ਼ਦੂਰਾਂ ਤੋਂ ਬੋਹੜ ਦੇ ਦਰੱਖਤ ਨੂੰ ਦੱਸ-ਦੱਸ ਕੇ ਵੱਡਵਾਇਆ ਹੈ ਕਿ ਕਿੱਥੋਂ-ਕਿੱਥੋਂ ਦਰੱਖਤ ਦੇ ਮੋਟੇ ਟਾਹਣਿਆਂ ਨੂੰ ਵੱਢਣਾ ਹੈ ਤਾਂ ਕਿ ਉਨ੍ਹਾਂ ਦੀਆਂ ਬਣਨ ਜਾ ਰਹੀਆਂ ਦੁਕਾਨਾਂ ਸਭ ਨੂੰ ਦਿਖਾਈ ਦੇਣ | ਉਨ੍ਹਾਂ ਅੱਗੇ ਦੱਸਿਆ ਕਿ ਵੈਸੇ ਤਾਂ ਠੰਢੀ ਛਾਂ ਦੇਣ ਕਰਕੇ ਬੋਹੜ ਦਰੱਖਤ ਨੂੰ ਮਾਂ ਦਰਜਾ ਦਿੱਤਾ ਗਿਆ, ਪਰ ਧਾਰਮਿਕ ਤੌਰ ਵੀ ਦਿਨ ਤਿਉਹਾਰ ਅਤੇ ਖਾਸ ਕਰਕੇ ਸਾਉਣ ਦੇ ਮਹੀਨੇ 'ਚ ਬੋਹੜ ਦੇ ਦਰੱਖਤ ਦੀ ਬਹੁਤ ਮਹੱਤਤਾ ਹੈ | ਉਕਤ ਵਿਅਕਤੀਆਂ ਨੇ ਬੋਹੜ ਦੇ ਦਰੱਖਤ ਨੂੰ ਵੱਢਕੇ ਪੰਛੀਆਂ ਦਾ ਰੈਣ ਬਸੇਰਾ ਉਜਾੜਿਆ ਹੈ ਤੇ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ | ਉਨ੍ਹਾਂ ਦੱਸਿਆ ਕਿ ਇਸ ਦਰੱਖਤ ਬਾਰੇ ਗ੍ਰਾਮ ਪੰਚਾਇਤ ਬਾਲਿਆਂਵਾਲੀ ਨੂੰ ਦਰਖ਼ਾਸਤ ਦਿੱਤੀ, ਪਰ ਅਫ਼ਸੋਸ ਕਈ ਦਿਨ ਬੀਤਣ 'ਤੇ ਵੀ ਪੰਚਾਇਤ ਨੇ ਕੋਈ ਕਾਨੂੰਨੀ ਨਹੀਂ ਕਾਰਵਾਈ ਹਾਲਾਂਕਿ ਪੰਚਾਇਤ ਨੇ ਦੱਸਿਆ ਕਿ ਸਾਥੋਂ ਕੋਈ ਮਨਜ਼ੂਰੀ ਨਹੀਂ ਲਈ ਸੀ | ਦਰਖਾਸਤੀ ਨੇ ਮੁੱਖ ਮੰਤਰੀ ਪੰਜਾਬ ਸਰਕਾਰ, ਪੰਚਾਇਤ ਮੰਤਰੀ ਪੰਜਾਬ ਸਰਕਾਰ, ਡਿਪਟੀ ਕਮਿਸ਼ਰ ਬਠਿੰਡਾ, ਬੀ.ਡੀ.ਪੀ.ਓ ਬਲਾਕ ਰਾਮਪੁਰਾ ਤੋਂ ਮੰਗ ਕੀਤੀ ਹੈ ਉਕਤ ਵਿਅਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਸਬੰਧੀ ਸਰਪੰਚ ਦੇ ਪਤੀ ਬਲਰਾਜ ਸਿੰਘ ਚਹਿਲ ਨੇ ਕਿਹਾ ਕਿ ਬੀਰਬਲ ਦਾਸ ਨੇ ਪੰਚਾਇਤ ਕੋਲ ਲਿਖਤੀ ਰੂਪ 'ਚ ਮੰਨਿਆ ਹੈ ਕਿ ਦਰੱਖਤ ਦੇ ਟਾਹਣੇ ਵੱਢੇ ਹਨ ਅਤੇ ਇਹ ਗੱਲ ਮੇਰੇ ਤੋਂ ਜਿੱਥੇ ਮਰਜ਼ੀ ਅਖਵਾ ਲਵੋ ਪਰ ਜਦੋਂ ਪੁੱਛਿਆ ਕਿ ਪੰਚਾਇਤੀ ਦਰੱਖਤ ਨੂੰ ਵੱਢਣ ਦੀ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਵਾਈ? ਤਾਂ ਤਸੱਲੀ ਬਖ਼ਸ਼ ਜਵਾਬ ਨਹੀਂ ਦਿੱਤਾ | ਇਸ ਬਾਰੇ ਬੀਰਬਲ ਦਾਸ ਤੇ ਸਾਹਿਲ ਕੁਮਾਰ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ | ਪੁਲਿਸ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਇੰਸਪੈਕਟਰ ਮਨੀਸ਼ ਕੁਮਾਰ ਨੇ ਪੁੱਛਣ ਤੇ ਕਿਹਾ ਕਿ ਦਰੱਖਤ ਪੰਚਾਇਤੀ ਜਗ੍ਹਾ ਵਿਚ ਹੈ, ਸਾਨੂੰ ਪੰਚਾਇਤ ਲਿਖਕੇ ਭੇਜ ਦੇਵੇ ਅਸੀਂ ਕਾਨੂੰਨੀ ਕਾਰਵਾਈ ਕਰ ਦੇਵਾਂਗੇ | ਬਲਾਕ ਰਾਮਪੁਰਾ ਦੇ ਬੀ.ਡੀ.ਪੀ.ਓ. ਬੱਗਾ ਸਿੰਘ ਨੇ ਕਿਹਾ ਕਿ ਮੇਰੇ ਧਿਆਨ 'ਚ ਇਹ ਮਾਮਲਾ ਨਹੀਂ ਸੀ, ਪਰ ਜਦੋਂ ਪੰਚਾਇਤ ਨੂੰ ਪਤਾ ਲੱਗ ਗਿਆ ਹੈ ਕਿ ਪੰਚਾਇਤੀ ਦਰੱਖਤ ਵੱਢਿਆ ਗਿਆ ਹੈ ਤਾਂ ਪੰਚਾਇਤ ਦਾ ਫ਼ਰਜ਼ ਬਣਦਾ ਹੈ ਕਿ ਉਹ ਮਤਾ ਪਾ ਕੇ ਮੈਨੂੰ ਭੇਜਣ ਤਾਂ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇ, ਫੇਰ ਵੀ ਮੈਂ ਇਸ ਦੀ ਰਿਪੋਰਟ ਮੰਗਵਾਉਂਦਾ ਹੈ |