ਤਲਵੰਡੀ ਸਾਬੋ, 16 ਜੁਲਾਈ (ਰਵਜੋਤ ਸਿੰਘ ਰਾਹੀ)-ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਮੈਨੇਜਮੈਂਟ, ਪਿ੍ੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਕਾਲਜ ਦੇ ਨਵੇਂ ਵਿਦਿਅਕ ਸੈਸ਼ਨ 2025-26 ਦੀ ਸ਼ੁਰੂਆਤ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਲੱਖਾ ਸਿੰਘ ਮੁਖੀ ਗੁਰਮਤਿ ਸੰਗੀਤ ਵਿਭਾਗ ਤੇ ਗੁਰਮਤਿ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਰਸਭਿੰਨਾ ਸ਼ਬਦ ਕੀਰਤਨ ਕੀਤਾ ਗਿਆ | ਵਿਦਿਆਰਥਣ ਮਨਵੀਰ ਕੌਰ ਵਲੋਂ ਧਾਰਮਿਕ ਕਵਿਤਾ ਦੀ ਪੇਸ਼ਕਾਰੀ ਤੇ ਕੁਲਵੀਰ ਕੌਰ,ਪਿ੍ਆ ਕੌਰ ਅਤੇ ਸਾਥਣਾਂ ਵਲੋਂ ਕਵੀਸ਼ਰੀ ਗਾਇਨ ਕੀਤੀ ਗਈ | ਇਸ ਮੌਕੇ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਾਲਜ ਦੇ ਨਵੇਂ ਵਿੱਦਿਅਕ ਵਰ੍ਹੇ ਦੀ ਵਧਾਈ ਦਿੰਦਿਆਂ ਵਿਦਿਆਰਥਣਾਂ ਨਾਲ ਦੁਨਿਆਵੀ ਤੇ ਗੁਰਮਤਿ ਵਿਦਿਆ ਦੀ ਵਿਸ਼ੇਸ਼ਤਾ ਸੰਬੰਧੀ ਵਿਚਾਰਾਂ ਦੀ ਸਾਂਝ ਪਾਈ | ਕਾਲਜ ਪਿ੍ੰਸੀਪਲ ਡਾ. ਕਮਲਪ੍ਰੀਤ ਕੌਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਇਲਾਕੇ ਦੀ ਅਜਿਹੀ ਸੰਸਥਾ ਹੈ, ਜਿੱਥੇ ਵਿਦਿਆਰਥਣਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਮੁੱਖ ਰੱਖਦੇ ਹੋਏ ਵਿੱਦਿਆ ਲੈ ਰਹੀਆਂ ਹਨ | ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਾਲਜ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਕੰਪਿਊਟਰ ਲੈਬਜ਼, ਸਮਾਰਟ ਕਲਾਸ-ਰੂਮਜ਼ ਡਾਇਰੈਕਟੋਰੇਟ ਆਫ ਐਜੂਕੇਸ਼ਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਦੇ ਸਹਿਯੋਗ ਨਾਲ ਬਣਾਏ ਗਏ ਹਨ ਅਤੇ ਭਾਸ਼ਾ ਲੈਬਜ਼ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ, ਜਿਸ ਦਾ ਵਿਦਿਆਰਥੀ ਇਸ ਵਿੱਦਿਅਕ ਵਰ੍ਹੇ ਦੌਰਾਨ ਭਰਪੂਰ ਲਾਹਾ ਲੈਣਗੇ | ਇਸ ਮੌਕੇ ਮੇਜਰ ਸਿੰਘ ਢਿਲੋਂ, ਸੁਰਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਗੁਰਵਿੰਦਰ ਸਿੰਘ ਮੈਨੇਜਰ ਤਖਤ ਸ਼੍ਰੀ ਦਮਦਮਾ ਸਾਹਿਬ, ਮੀਤ ਮੈਨੇਜਰ ਗੁਰਦੇਵ ਸਿੰਘ, ਪਿ੍ੰਸੀਪਲ ਰਘੁਵੀਰ ਸਿੰਘ, ਪਿ੍ੰਸੀਪਲ ਰਵਿੰਦਰ ਸਿੰਘ, ਠਾਣਾ ਸਿੰਘ ਚੱਠਾ, ਗੁਰਕਿਰਪਾਲ ਸਿੰਘ ਸਿੱਧੂ, ਸਿਮਰਦੀਪ ਕੌਰ, ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਦੇ ਮੈਂਬਰ ਰੇਸ਼ਮ ਸਿੰਘ, ਕੁਲਵੰਤ ਸਿੰਘ, ਗੁਰਦੀਪ ਸਿੰਘ ਤੇ ਸੁਖਚੈਨ ਸਿੰਘ ਆਦਿ ਮੌਜੂਦ ਸਨ |