ਤਲਵੰਡੀ ਸਾਬੋ, 16 ਜੁਲਾਈ (ਰਣਜੀਤ ਸਿੰਘ ਰਾਜੂ)-ਉੱਪ ਮੰਡਲ ਦੇ ਪਿੰਡ ਭਾਗੀਵਾਂਦਰ ਤੋਂ ਲਾਪਤਾ ਹੋਏ ਵਿਅਕਤੀ ਦੀ ਬੀਤੇ ਦਿਨ ਲਾਸ਼ ਮਿਲਣ ਉਪਰੰਤ ਪਰਿਵਾਰਿਕ ਮੈਂਬਰਾਂ ਨੂੰ ਹੋਏ ਸ਼ੱਕ ਦੇ ਆਧਾਰ 'ਤੇ ਤਲਵੰਡੀ ਸਾਬੋ ਪੁਲਿਸ ਵਲੋਂ ਆਰੰਭੀ ਜਾਂਚ ਦੇ ਮੁਕੰਮਲ ਹੋਣ ਉਪਰੰਤ ਅੱਜ ਪੁਲਿਸ ਅਧਿਕਾਰੀਆਂ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਸਨਸਨੀਖੇਜ ਖ਼ੁਲਾਸਾ ਕਰਦਿਆਂ ਦੱਸਿਆ ਕਿ ਪਤੀ ਦੇ ਇਲਾਜ ਵਾਸਤੇ ਆਏ ਦਾਨ ਦੇ ਪੈਸਿਆਂ ਨੂੰ ਹੜੱਪਣ ਲਈ ਪਤਨੀ ਨੇ ਹੀ ਆਪਣੇ ਭਰਾ ਅਤੇ ਉਸ ਦੇ ਸਾਥੀਆਂ ਤੋਂ ਪਤੀ ਦਾ ਕਤਲ ਕਰਵਾਇਆ ਹੈ | ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਡੀ. ਐੱਸ. ਪੀ. ਤਲਵੰਡੀ ਸਾਬੋ ਰਾਜੇਸ਼ ਸਨੇਹੀ ਨੇ ਦੱਸਿਆ ਕਿ ਲੰਘੀ 8 ਜੁਲਾਈ ਨੂੰ ਪਿੰਡ ਭਾਗੀਵਾਂਦਰ ਦੇ ਗੁਰਸੇਵਕ ਸਿੰਘ ਉਰਫ਼ ਗੱਗੂ (32) ਦੀ ਗੁੰਮਸ਼ੁਦਗੀ ਦੀ ਇਤਲਾਹ ਵਾਰਿਸਾਂ ਵਲੋਂ ਪੁਲਿਸ ਨੂੰ ਦਿੱਤੀ ਗਈ ਸੀ ਕਿ ਇਸੇ ਦੌਰਾਨ 12 ਜੁਲਾਈ ਨੂੰ ਥਾਣਾ ਸੰਗਤ ਦੀ ਪੁਲਿਸ ਨੂੰ ਰਜਬਾਹੇ ਵਿਚੋਂ ਇਕ ਅਣਪਛਾਤੀ ਲਾਸ਼ ਮਿਲੀ ਜਿਸ ਦੀ ਪਛਾਣ ਗੁਰਸੇਵਕ ਸਿੰਘ ਉਰਫ਼ ਗੱਗੂ ਵਜੋਂ ਹੋ ਜਾਣ ਉਪਰੰਤ ਮਿ੍ਤਕ ਦੇ ਵਾਰਿਸਾਂ ਵਲੋਂ ਪ੍ਰਗਟਾਏ ਸ਼ੱਕ ਦੇ ਆਧਾਰ 'ਤੇ ਥਾਣਾ ਤਲਵੰਡੀ ਸਾਬੋ ਮੁਖੀ ਯਾਦਵਿੰਦਰ ਸਿੰਘ ਵਲੋਂ ਟੀਮ ਬਣਾ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਪਿਛਲੇ ਸਮੇਂ ਵਿਚ ਗੁਰਸੇਵਕ ਸਿੰਘ ਦੇ ਇਕ ਦੁਰਘਟਨਾ ਦਾ ਸ਼ਿਕਾਰ ਹੋ ਜਾਣ ਕਰਕੇ ਇਕ ਸਮਾਜ ਸੇਵੀ ਸੰਸਥਾ ਨੇ ਉਸ ਦੇ ਇਲਾਜ 'ਚ ਮੱਦਦ ਕਰਵਾਉਣ ਦੇ ਮਨੋਰਥ ਨਾਲ ਲੋਕਾਂ ਤੋਂ ਸਹਿਯੋਗ ਦੀ ਕੀਤੀ ਮੰਗ ਦੇ ਮੱਦੇਨਜ਼ਰ ਗੁਰਸੇਵਕ ਸਿੰਘ ਦੇ ਇਲਾਜ ਲਈ ਉਸ ਦੀ ਪਤਨੀ ਦੇ ਬੈਂਕ ਖਾਤੇ 'ਚ ਕਰੀਬ ਤਿੰਨ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਮ੍ਹਾ ਹੋ ਗਈ ਸੀ | ਇਲਾਜ ਉਪਰੰਤ ਠੀਕ ਹੋਣ 'ਤੇ ਗੁਰਸੇਵਕ ਸਿੰਘ ਬੈਂਕ 'ਚ ਖਾਤਾ ਖੁਲ੍ਹਵਾ ਕੇ ਉਕਤ ਰਾਸ਼ੀ ਉਸ 'ਚ ਤਬਦੀਲ ਕਰਵਾਉਣਾ ਚਾਹੁੰਦਾ ਸੀ, ਜਿਸ ਕਰਕੇ ਪਤੀ-ਪਤਨੀ 'ਚ ਅਣਬਣ ਰਹਿਣ ਲੱਗੀ ਅਤੇ ਉਸੇ ਵਜ੍ਹਾ ਰੰਜਿਸ਼ ਕਰਕੇ ਗੁਰਸੇਵਕ ਦੀ ਪਤਨੀ ਨੇ ਆਪਣੇ ਭਰਾ, ਭਰਾ ਦੇ ਸਾਲੇ ਅਤੇ ਉਨ੍ਹਾਂ ਦੇ ਇਕ ਸਾਥੀ ਹੱਥੋਂ ਪਤੀ ਦਾ ਕਤਲ ਕਰਵਾ ਦਿੱਤਾ | ਪੁਲਿਸ ਅਧਿਕਾਰੀਆਂ ਅਨੁਸਾਰ ਗੁਰਸੇਵਕ ਦੇ ਸਾਲੇ ਅਤੇ ਸਾਥੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਮਗਰੋਂ ਉਸ ਦੀ ਲਾਸ਼ ਨੂੰ ਰਜਬਾਹੇ 'ਚ ਸੁੱਟ ਦਿੱਤਾ ਗਿਆ ਸੀ | ਡੀ. ਐੱਸ. ਪੀ. ਸਨੇਹੀ ਮੁਤਾਬਿਕ ਮਿ੍ਤਕ ਗੁਰਸੇਵਕ ਸਿੰਘ ਦੇ ਭਰਾ ਤਰਸੇਮ ਸਿੰਘ ਵਾਸੀ ਭਾਗੀਵਾਂਦਰ ਦੇ ਬਿਆਨਾਂ 'ਤੇ ਮਿ੍ਤਕ ਦੇ ਸਾਲ੍ਹੇ ਅਮਨਾ ਸਿੰਘ ਪੁੱਤਰ ਗੇਂਦਾ ਸਿੰਘ ਵਾਸੀ ਕੱਲੋਂ (ਮਾਨਸਾ), ਸੁਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਅਤੇ ਮੰਨੂ ਸਿੰਘ ਪੁੱਤਰ ਇਕਬਾਲ ਸਿੰਘ ਵਾਸੀਆਨ ਜੋਧਪੁਰ ਪਾਖਰ ਸਮੇਤ ਮਿ੍ਤਕ ਦੀ ਪਤਨੀ ਮਨਪ੍ਰੀਤ ਕੌਰ ਖਿਲਾਫ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਪਤਨੀ ਸਮੇਤ ਤਿੰਨ ਵਿਅਕਤੀਆਂ ਨੂੰ ਫੜ ਲਿਆ ਗਿਆ ਹੈ ਜਦੋਂਕਿ ਅਮਨਾ ਸਿੰਘ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ | ਪ੍ਰੈੱਸ ਕਾਨਫ਼ਰੰਸ ਦੌਰਾਨ ਥਾਣਾ ਮੁਖੀ ਯਾਦਵਿੰਦਰ ਸਿੰਘ ਵੀ ਮੌਜੂਦ ਸਨ |