ਫ਼ਿਰੋਜ਼ਪੁਰ, 19 ਨਵੰਬਰ (ਗੁਰਿੰਦਰ ਸਿੰਘ)-ਪੰਜਾਬ ਦੇ ਉੱਭਰਦੇ ਨਿਸ਼ਾਨੇਬਾਜ਼ ਅਤੇ ਕਈ ਕੌਮੀ ਤਗਮੇ ਜੇਤੂ ਕੇਸ਼ਵ ਚੌਹਾਨ ਨੂੰ ਖੇਲੋ੍ਹ ਇੰਡੀਆ ਪ੍ਰੋਗਰਾਮ ਵਲੋਂ ਪੰਜਾਬ ਦਾ ਸਟੇਟ ਕਨਵੀਨਰ ਨਿਯੁਕਤ ਕੀਤਾ ਗਿਆ ਹੈ | ਛੋਟੀ ਉਮਰ ਵਿਚ ਸ਼ਾਨਦਾਰ ਉਪਲਬਧੀਆਂ ਕਰ ਚੁੱਕੇ ਕੇਸ਼ਵ ਲਈ ਇਹ ਜ਼ਿੰਮੇਵਾਰੀ ਰਾਜ ਦੀ ਖੇਡ ਪ੍ਰਣਾਲੀ ਵਿਚ ਉਸ ਦੇ ਯੋਗਦਾਨ ਨੂੰ ਹੋਰ ਮਜ਼ਬੂਤੀ ਦੇਵੇਗੀ | ਫ਼ਿਰੋਜ਼ਪੁਰ ਨਾਲ ਸਬੰਧਿਤ ਵਰਤਮਾਨ ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਯੂ.ਆਈ.ਈ.ਟੀ ਵਿਚ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਚ ਬੀ.ਟੈੱਕ ਕਰ ਰਿਹਾ ਕੇਸ਼ਵ ਚੌਹਾਨ ਸਿਰਫ਼ 20 ਸਾਲ ਦੀ ਉਮਰ ਵਿਚ ਹੀ ਡਬਲ ਟਰੈਪ ਸ਼ਾਟਗਨ ਸ਼ੂਟਿੰਗ ਵਿਚ 2024-25 ਲਈ ਰਾਸ਼ਟਰੀ ਰਿਕਾਰਡ ਆਪਣੇ ਨਾਮ ਕਰਨ ਤੋਂ ਇਲਾਵਾ ਕਈ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪਾਂ ਵਿਚ ਤਗਮੇ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਚੁੱਕਾ ਹੈ | ਖੇਲੋ੍ਹ ਇੰਡੀਆ ਵਲੋਂ ਪੰਜਾਬ ਕੋਆਰਡੀਨੇਟਰ ਵਜੋਂ ਨਿਯੁਕਤ ਹੋਣਾ ਕੇਸ਼ਵ ਦੀ ਖੇਡ ਜ਼ਿੰਦਗੀ ਲਈ ਇਕ ਮਹੱਤਵਪੂਰਨ ਮੋੜ ਹੈ | ਗੱਲਬਾਤ ਕਰਦਿਆਂ ਕੇਸ਼ਵ ਚੌਹਾਨ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਉਸ ਲਈ ਮਾਣ ਅਤੇ ਪੇ੍ਰਰਨਾ ਦੋਵੇਂ ਹੈ | ਉਨ੍ਹਾਂ ਦੱਸਿਆ ਕਿ ਇਸ ਸਮੇਂ ਉਹ ਆਪਣੇ ਅਗਲੇ ਵੱਡੇ ਟੀਚੇ ਖੇਲੋਂ੍ਹ ਇੰਡੀਆ ਯੂਨੀਵਰਸਿਟੀ ਗੇਮਜ਼ 2025 ਜੈਪੁਰ ਲਈ ਤਿਆਰੀ ਕਰ ਰਿਹਾ ਹੈ | ਕੇਸ਼ਵ ਦੀ ਇਹ ਨਿਯੁਕਤੀ ਨਾ ਸਿਰਫ਼ ਉਨ੍ਹਾਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਹੈ, ਸਗੋਂ ਪੰਜਾਬ ਵਿਚ ਨਿਸ਼ਾਨੇਬਾਜ਼ੀ ਅਤੇ ਹੋਰ ਖੇਡਾਂ ਦੇ ਵਿਕਾਸ ਵੱਲ ਇਕ ਨਵਾਂ ਕਦਮ ਵੀ ਹੈ |