ਗੁਰੂਹਰਸਹਾਏ, 19 ਨਵੰਬਰ (ਕਪਿਲ ਕੰਧਾਰੀ)-ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸ਼੍ਰੀ ਦਰਬਾਰ ਸਾਹਿਬ ਬੱਸ ਸੇਵਾ ਸੋਸਾਇਟੀ ਜਲਾਲਾਬਾਦ ਵਲੋਂ ਬਾਬਾ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਕਮੇਟੀ ਦੇ ਸਹਿਯੋਗ ਦੇ ਨਾਲ ਅੱਜ ਮੁਫ਼ਤ ਮੈਗਾ ਅੱਖਾਂ ਦਾ ਚੈੱਕਅਪ ਕੈਪ ਲਗਾਇਆ ਗਿਆ | ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਨੂਰ ਸਿੰਘ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ, ਬਬਨਦੀਪ ਸਿੰਘ, ਜਰਨੈਲ ਸਿੰਘ ਅਤੇ ਹੋਰ ਸੇਵਾਦਾਰ ਨੇ ਦੱਸਿਆ ਕਿ ਅੱਖਾਂ ਦੇ ਚੈੱਕਅਪ ਕੈਂਪ ਵਿਚ ਮਰੀਜ਼ਾਂ ਦਾ ਚੈੱਕਅਪ ਕਰਨ ਦੇ ਲਈ ਸੰਕਰਾ ਹਸਪਤਾਲ ਲੁਧਿਆਣਾ ਇਸੇਵਾਲ ਦਾਖਾ ਤੋਂ ਡਾਕਟਰਾਂ ਦੀ ਟੀਮ ਪਹੁੰਚੀ ਜਿਨ੍ਹਾਂ ਵਲੋਂ ਇੱਥੇ ਆਪਣਾ ਚੈੱਕਅਪ ਕਰਵਾਉਣ ਪਹੁੰਚੇ 1000 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਅਤੇ ਜਿਨ੍ਹਾਂ ਮਰੀਜ਼ਾਂ ਨੂੰ ਦਵਾਈਆਂ ਦੀ ਜ਼ਰੂਰਤ ਸੀ, ਨੂੰ ਦਵਾਈਆਂ ਮੁਫ਼ਤ ਵਿਚ ਦਿੱਤੀਆਂ ਗਈਆਂ ਅਤੇ ਜਿਨ੍ਹਾਂ ਮਰੀਜ਼ਾਂ ਨੂੰ ਐਨਕਾਂ ਦੀ ਜ਼ਰੂਰਤ ਸੀ, ਉਨ੍ਹਾਂ ਨੂੰ ਮੁਫ਼ਤ ਵਿਚ ਐਨਕਾਂ ਬਣਾ ਕੇ ਦਿੱਤੀਆਂ ਗਈਆਂ | ਉੱਥੇ ਹੀ ਚੈੱਕਅਪ ਦੌਰਾਨ 100 ਮਰੀਜ਼ਾਂ ਨੂੰ ਅਪ੍ਰੇਸ਼ਨ ਦੀ ਸਲਾਹ ਵੀ ਦਿੱਤੀ ਗਈ | ਪ੍ਰਬੰਧਕਾਂ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਡਾਕਟਰਾਂ ਵਲੋਂ ਅਪ੍ਰੇਸ਼ਨ ਦੀ ਸਲਾਹ ਦਿੱਤੀ ਗਈ ਸੀ, ਨੂੰ ਅੱਜ ਹੀ ਅਪ੍ਰੇਸ਼ਨ ਲਈ ਸੰਕਰਾ ਹਸਪਤਾਲ ਲੁਧਿਆਣਾ ਲਈ ਰਵਾਨਾ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦੇ ਆਉਣ-ਜਾਣ ਦਾ ਸਾਰਾ ਖ਼ਰਚ ਸ਼੍ਰੀ ਦਰਬਾਰ ਸਾਹਿਬ ਸੇਵਾ ਸੋਸਾਇਟੀ ਵਲ਼ੋਂ ਕੀਤਾ ਗਿਆ ਅਤੇ ਅਪ੍ਰੇਸ਼ਨ ਸੰਕਰਾ ਹਸਪਤਾਲ ਲੁਧਿਆਣਾ ਵਲੋਂ ਕੀਤਾ ਜਾਵੇਗਾ | ਇਸ ਮੌਕੇ ਪਹੁੰਚੀ ਡਾਕਟਰਾਂ ਦੀ ਟੀਮ ਨੂੰ ਸੋਸਾਇਟੀ ਮੈਂਬਰਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਕੈਂਪ ਸਵੇਰੇ 9 ਵਜੇ ਸ਼ੁਰੂ ਹੋਇਆ ਅਤੇ ਸ਼ਾਮ 4 ਵਜੇ ਸਮਾਪਤ ਹੋਇਆ |