ਫਿਰੋਜ਼ਪੁਰ, 19 ਨਵੰਬਰ (ਸੁਖਵਿੰਦਰ ਸਿੰਘ)-ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਦੌਰਾਨੇ ਗਸ਼ਤ ਪੁਲਿਸ ਪਾਰਟੀ ਨੂੰ ਚਾਵਲਾ ਹੋਟਲ ਤੋਂ ਅੰਦਰ ਸੱਜੇ ਹੱਥ ਗਲੀ ਵਿਚ ਸਾਹਮਣੇ ਮਾਲਵਾ ਖ਼ਾਲਸਾ ਸਕੂਲ ਦੇ ਕੰਧ ਨਾਲ ਇਕ ਸ਼ਖ਼ਸ ਬੈਠਾ ਦਿਖਾਈ ਦਿੱਤਾ ਜੋ ਮੱਧਮ ਰੌਸ਼ਨੀ ਵਿਚ ਸਿਲਵਰ ਪੇਪਰ ਨਾਲ ਧੰੂਏਾ ਨੂੰ ਨੱਕ ਨਾਲ ਖਿੱਚ ਰਿਹਾ ਸੀ | ਜਦੋਂ ਪੁਲਿਸ ਪਾਰਟੀ ਕੋਲ ਪਹੁੰਚੀ ਤਾਂ ਉਹ ਇਕ ਦਮ ਘਬਰਾ ਗਿਆ | ਜਿਸ ਦੇ ਸੱਜੇ ਹੱਥ ਵਿਚ ਇਕ ਲਾਈਟਰ ਖੱਬੇ ਹੱਥ ਵਿਚ ਸਿਲਵਰ ਪੇਪਰ ਸੀ, ਨੂੰ ਕਾਬੂ ਕਰਕੇ ਨਾਂ ਪਤਾ ਪੁੱਛਣ ਤੇ ਉਸ ਨੇ ਆਪਣਾ ਨਾਂ ਸਾਜਨ ਪੁੱਤਰ ਜੰਗਾ ਵਾਸੀ ਪਿੰਡ ਕੜਮਾ ਹਾਲ ਬਸਤੀ ਸ਼ੇਖਾਂਵਾਲੀ ਫਿਰੋਜ਼ਪੁਰ ਸ਼ਹਿਰ ਦੱਸਿਆ | ਪੁੱਛਣ 'ਤੇ ਉਸ ਨੇ ਦੱਸਿਆ ਕਿ ਉਹ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਹੈ ਅਤੇ ਉਹ ਇੱਥੇ ਖਾਲੀ ਜਗ੍ਹਾ 'ਤੇ ਚਿੱਟੇ ਦਾ ਸੇਵਨ ਕਰ ਰਿਹਾ ਸੀ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਮੁਲਜ਼ਮ ਨੂੰ ਲਾਈਟਰ ਅਤੇ ਸਿਲਵਰ ਪੇਪਰ ਸਮੇਤ ਕਾਬੂ ਕਰਕੇ ਸਿਟੀ ਥਾਣਾ ਫਿਰੋਜ਼ਪੁਰ ਵਿਚ ਐਨ.ਡੀ.ਪੀ.ਐੱਸ. ਐਕਟ ਤਹਿਤ ਮੁਕਦਮਾ ਦਰਜ ਕੀਤਾ |